ਸ਼ਿਲਾਂਗ, 12 ਸਤੰਬਰ
ਮੇਘਾਲਿਆ ਸਰਕਾਰ ਨੇ ਪੱਛਮੀ ਜੈਂਤੀਆ ਪਹਾੜੀ ਜ਼ਿਲ੍ਹੇ ਵਿੱਚ ਜੋਵਈ ਜੇਲ੍ਹ ਵਿੱਚੋਂ ਕੈਦੀਆਂ ਦੇ ਫ਼ਰਾਰ ਹੋਣ ਅਤੇ ਫਿਰ ਉਨ੍ਹਾਂ ਵਿੱਚੋਂ ਚਾਰ ਜਣਿਆਂ ਦੀ ਪਿੰਡ ਵਾਲਿਆਂ ਵੱਲੋਂ ਕੁੱਟ-ਕੁੱਟ ਕੇ ਹੱਤਿਆ ਕੀਤੇ ਜਾਣ ਦੇ ਮਾਮਲੇ ਦੀ ਦੋ ਪੱਧਰ ’ਤੇ ਜਾਂਚ ਸ਼ੁਰੂ ਕੀਤੀ ਹੈ। ਸੂਬੇ ਦੇ ਗ੍ਰਹਿ ਮੰਤਰੀ ਲਖਮਨ ਰਿੰਬੁਈ ਨੇ ਅੱਜ ਵਿਧਾਨ ਸਭਾ ਵਿੱਚ ਇਹ ਜਾਣਕਾਰੀ ਦਿੱਤੀ। ਉਧਰ, ਪੁਲੀਸ ਨੇ ਇਸ ਮਾਮਲੇ ਵਿੱਚ ਚੀਫ਼ ਵਾਰਡਨ ਸਣੇ ਜੇਲ੍ਹ ਦੇ ਪੰਜ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੰਤਰੀ ਨੇ ਕਿਹਾ ਕਿ ਐਤਵਾਰ ਨੂੰ ਜ਼ਿਲ੍ਹਾ ਜੇਲ੍ਹ ’ਚੋਂ ਫ਼ਰਾਰ ਹੋਏ ਤਿੰਨ ਵਿਚਾਰ ਅਧੀਨ ਅਤੇ ਸਜ਼ਾ ਯਾਫ਼ਤਾ ਕੈਦੀਆਂ ਦੀ ਐਤਵਾਰ ਨੂੰ ਕੁੱਟ ਕੁੱਟ ਕੇ ਹੱਤਿਆ ਕੀਤੇ ਜਾਣ ਦੇ ਮਾਮਲੇ ਵਿੱਚ ਲਗਪਗ ਪੰਜ ਹਜ਼ਾਰ ਲੋਕ ਸ਼ਾਮਲ ਸਨ। ਰਿੰਬੁਈ ਨੇ ਕਿਹਾ ਕਿ ਕੁੱਲ ਪੰਜ ਵਿਚਾਰ ਅਧੀਨ ਅਤੇ ਇੱਕ ਸਜ਼ਾ ਯਾਫਤਾ ਕੈਦੀ ਜੇਲ੍ਹ ਕਰਮਚਾਰੀਆਂ ’ਤੇ ਹਮਲਾ ਕਰ ਕੇ ਫ਼ਰਾਰ ਹੋਏ ਸਨ।
ਉਧਰ, ਵੈਸਟ ਜੈਂਤੀਆ ਹਿਲਜ਼ ਦੇ ਐੱਸਪੀ ਬੀਕੇ ਮਾਰਕ ਨੇ ਦੱਸਿਆ ਕਿ ਜੇਲ੍ਹ ਕਰਮਚਾਰੀਆਂ ਖਿਲਾਫ਼ ਜੋਵਈ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਪੰਜ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਚੀਫ ਵਾਰਡਨ ਅਤੇ ਚਾਰ ਵਾਰਡਨ ਸ਼ਾਮਲ ਹਨ। -ਏਜੰਸੀ