ਸ੍ਰੀਨਗਰ: ਜੰਮੂ ਕਸ਼ਮੀਰ ਦੇ ਸ਼ੋਪੀਆਂ ’ਚ ਮੁਕਾਬਲੇ ਦੌਰਾਨ ਲਸ਼ਕਰ-ਏ-ਤੋਇਬਾ ਦੇ ਦੋ ਕਮਾਂਡਰਾਂ ਸਣੇ ਚਾਰ ਦਹਿਸ਼ਤਗਰਦ ਹਲਾਕ ਹੋ ਗਏ। ਮੁਕਾਬਲੇ ’ਚ ਸੁਰੱਖਿਆ ਬਲਾਂ ਦਾ ਇਕ ਜਵਾਨ ਸ਼ਹੀਦ ਹੋ ਗਿਆ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਮੁਤਾਬਕ ਮਾਰੇ ਗਏ ਦਹਿਸ਼ਤਗਰਦਾਂ ’ਚੋਂ ਇਕ ਪਿਛਲੇ ਦਿਨੀਂ ਸਹਾਰਨਪੁਰ (ਯੂਪੀ) ਦੇ ਤਰਖਾਣ ਸਗੀਰ ਅਨਸਾਰੀ ਦੀ ਹੱਤਿਆ ’ਚ ਸ਼ਾਮਲ ਸੀ। ਕਸ਼ਮੀਰ ਜ਼ੋਨ ਦੇ ਆਈਜੀ ਵਿਜੈ ਕੁਮਾਰ ਨੇ ਦੱਸਿਆ ਕਿ ਮਾਰੇ ਗਏ ਇਕ ਦਹਿਸ਼ਤਗਰਦ ਦੀ ਪਛਾਣ ਆਦਿਲ ਵਾਨੀ ਵਜੋਂ ਹੋਈ ਹੈ ਜੋ ਸਗੀਰ ਦੀ ਹੱਤਿਆ ’ਚ ਸ਼ਾਮਲ ਸੀ। ਅਨਸਾਰੀ ਦੀ ਸ਼ਨਿਚਰਵਾਰ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਥੇ ਉਹ ਪਿਛਲੇ ਦੋ ਕੁ ਸਾਲਾਂ ਤੋਂ ਤਰਖਾਣ ਵਜੋਂ ਕੰਮ ਕਰ ਰਿਹਾ ਸੀ। ਅਧਿਕਾਰੀਆਂ ਨੇ ਕਿਹਾ ਕਿ ਕਾਰਵਾਈ ਦੌਰਾਨ ਸੁਰੱਖਿਆ ਬਲਾਂ ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ ਸਨ ਅਤੇ ਇਨ੍ਹਾਂ ’ਚੋਂ ਇਕ ਹਸਪਤਾਲ ’ਚ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਗਿਆ। ਮੁਕਾਬਲੇ ਦੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਕਿਹਾ ਕਿ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਹ ਮਿਲਣ ’ਤੇ ਸੁਰੱਖਿਆ ਬਲਾਂ ਨੇ ਸ਼ੋਪੀਆਂ ਜ਼ਿਲ੍ਹੇ ਦੇ ਦਰਾਗੜ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਮੁਕਾਬਲੇ ਦੌਰਾਨ ਲਸ਼ਕਰ-ਏ-ਤੋਇਬਾ ਦੀ ਜਥੇਬੰਦੀ ਦਿ ਰਜ਼ਿਸਟੈਂਸ ਫਰੰਟ (ਟੀਆਰਐੱਫ) ਦੇ ਦੋ ਦਹਿਸ਼ਤਗਰਦ ਮਾਰੇ ਗਏ। ਆਈਜੀ ਨੇ ਟਵੀਟ ਕਰਕੇ ਕਿਹਾ ਕਿ ਵਾਨੀ ਲਸ਼ਕਰ (ਟੀਆਰਐੱਫ) ਦਾ ਸ਼ੋਪੀਆਂ ’ਚ ਜ਼ਿਲ੍ਹਾ ਕਮਾਂਡਰ ਸੀ ਅਤੇ ਉਹ ਪਿਛਲੇ ਸਾਲ ਤੋਂ ਸਰਗਰਮ ਸੀ। ਦੋ ਅਤਿਵਾਦੀ ਕੁਲਗਾਮ ਜਿ਼ਲ੍ਹੇ ’ਚ ਮਾਰੇ ਗਏ ਹਨ। ਉੱਧਰ ਪੁਣਛ, ਰਾਜੌਰੀ ਦੇ ਜੰਗਲਾਂ ’ਚ ਤਲਾਸ਼ੀ ਮੁਿਹੰਮ ਜਾਰੀ ਹੈ। -ਪੀਟੀਆਈ
ਐੱਨਆਈਏ ਵੱਲੋਂ ਜੰਮੂ ਕਸ਼ਮੀਰ ਦੇ ਚਾਰ ਜ਼ਿਲ੍ਹਿਆਂ ’ਚ ਛਾਪੇ, 4 ਗ੍ਰਿਫ਼ਤਾਰ
ਨਵੀਂ ਦਿੱਲੀ: ਐੱਨਆਈਏ ਨੇ ਅੱਜ ਜੰਮੂ ਕਸ਼ਮੀਰ ਦੇ ਚਾਰ ਜ਼ਿਲ੍ਹਿਆਂ ’ਚ ਕਈ ਥਾਵਾਂ ’ਤੇ ਛਾਪੇ ਮਾਰ ਕੇ ਚਾਰ ਵਿਅਕਤੀਆਂ ਨੂੰ ਦਹਿਸ਼ਤਗਰਦਾਂ ਦੀ ਸਹਾਇਤਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਛਾਪੇ ਸ੍ਰੀਨਗਰ, ਪੁਲਵਾਮਾ, ਕੁਲਗਾਮ ਅਤੇ ਬਾਰਾਮੂਲਾ ਜ਼ਿਲ੍ਹਿਆਂ ’ਚ 11 ਥਾਵਾਂ ’ਤੇ ਮਾਰੇ ਗਏ। ਐੱਨਆਈਏ ਨੇ ਸੁਹੇਲ ਅਹਿਮਦ, ਕਾਮਰਾਨ ਅਸ਼ਰਫ਼, ਆਰ ਬਸ਼ੀਰ ਅਤੇ ਹਨਨ ਗੁਲਜ਼ਾਰ ਡਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀ ਨੇ ਕਿਹਾ ਕਿ ਛਾਪਿਆਂ ਦੌਰਾਨ ਇਲੈਕਟ੍ਰਾਨਿਕ ਉਪਕਰਣ, ਜਹਾਦੀ ਦਸਤਾਵੇਜ਼ ਅਤੇ ਪੋਸਟਰ ਬਰਾਮਦ ਕੀਤੇ ਗਏ ਹਨ। -ਪੀਟੀਆਈ