ਮੰਗਲੂਰੂ, 22 ਜੁਲਾਈ
ਰਾਜ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਆਸਕਰ ਫਰਨਾਂਡੇਜ਼ ਦੀ ਹਾਲਤ ਗੰਭੀਰ ਹੋ ਗਈ ਤੇ ਉਨ੍ਹਾਂ ਦੀ ਸਰਜਰੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ (ਫਰਨਾਂਡੇਜ਼) ਯੋਗਾ ਕਰਦਿਆਂ ਡਿੱਗ ਗਏ ਸਨ ਤੇ ਉਨ੍ਹਾਂ ਦੇ ਸਿਰ ’ਚ ਸੱਟ ਵੱਜ ਗਈ ਸੀ। ਇਸ ਮਗਰੋਂ ਫਰਨਾਂਡੇਜ਼ (80) ਨੂੰ ਇੱਥੋਂ ਦੇ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਉਹ ਅਜੇ ਵੀ ਕੋਮਾ ’ਚ ਹਨ ਤੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਹ ਲੰਘੇ ਸੋਮਵਾਰ ਤੋਂ ਆਈਸੀਯੂ ’ਚ ਹੀ ਹਨ। ਉਨ੍ਹਾਂ ਦੇ ਦਿਮਾਗ ’ਚ ਖੂਨ ਦਾ ਥੱਕਾ ਜੰਮ ਗਿਆ ਹੈ। ਪਰਿਵਾਰ ਦੇ ਨੇੜਲੇ ਸੂਤਰ ਨੇ ਦੱਸਿਆ ਕਿ ਡਾਕਟਰ 36 ਘੰਟਿਆਂ ਬਾਅਦ ਉਨ੍ਹਾਂ ਦੀ ਸਰਜਰੀ ਕਰਨ ਬਾਰੇ ਫ਼ੈਸਲਾ ਲੈ ਸਕਦੇ ਹਨ। ਇਸੇ ਦਰਮਿਆਨ ਕਾਂਗਰਸ ਆਗੂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਪਰਿਵਾਰ ਨਾਲ ਫੋਨ ’ਤੇ ਗੱਲਬਾਤ ਕਰਕੇ ਫਰਨਾਂਡੇਜ਼ ਦਾ ਹਾਲਚਾਲ ਪੁੱਛਿਆ। -ਆਈਏਐੱਨਐੱਸ