ਨਵੀਂ ਦਿੱਲੀ, 5 ਸਤੰਬਰ
ਆਮਦਨ ਕਰ ਵਿਭਾਗ ਨੇ ਵਿੱਤੀ ਵਰ੍ਹੇ 2021-22 ਲਈ 75 ਤੋਂ ਉੱਪਰਲੀ ਉਮਰ ਦੇ ਬਿਰਧਾਂ ਨੂੰ ਆਈਟੀ ਰਿਟਰਨ ਭਰਨ ਤੋਂ ਛੋਟ ਦੇਣ ਲਈ ਫਾਰਮ ਨੋਟੀਫਾਈ ਕੀਤਾ ਹੈ। ਜ਼ਿਕਰਯੋਗ ਹੈ ਕਿ 2021-22 ਦੇ ਬਜਟ ਵਿੱਚ ਪੈਨਸ਼ਨ ਆਮਦਨ ਤੇ ਉਸੇ ਬੈਂਕ ਵਿੱਚ ਫਿਕਸਡ ਡਿਪਾਜ਼ਿਟ ’ਤੇ ਵਿਆਜ ਲੈਣ ਵਾਲੇ 75 ਸਾਲਾਂ ਜਾਂ ਇਸ ਤੋਂ ਉੱਪਰ ਦੀ ਉਮਰ ਵਾਲੇ ਨਾਗਰਿਕਾਂ ਨੂੰ ਪਹਿਲੀ ਅਪਰੈਲ ਤੋਂ ਸ਼ੁਰੂ ਹੋਣ ਵਾਲੇ ਵਿੱਤੀ ਵਰ੍ਹੇ ਵਿੱਚ ਆਮਦਨ ਕਰ ਰਿਟਰਨ ਭਰਨ ਤੋਂ ਛੋਟ ਦੇਣ ਦੀ ਸੋਧ ਕੀਤੀ ਗਈ ਸੀ। ਸਿੱਧੇ ਕਰਾਂ ਦੇ ਭੁਗਤਾਨ ਲਈ ਬਣਾਏ ਕੇਂਦਰੀ ਬੋਰਡ ਨੇ ਹੁਣ ਨਵੇਂ ਨੇਮ ਤੇ ਫਾਰਮ ਨੋਟੀਫਾਈ ਕੀਤੇ ਹਨ। ਬਿਰਧਾਂ ਨੂੰ ਇਹ ਫਾਰਮ ਉਸੇ ਬੈਂਕ ਵਿੱਚ ਜਮ੍ਹਾਂ ਕਰਵਾਉਣਾ ਪਵੇਗਾ ਜਿੱਥੋਂ ਉਹ ਪੈਨਸ਼ਨ ਜਾਂ ਐਫਡੀ ’ਤੇ ਵਿਆਜ ਲੈ ਰਹੇ ਹਨ। ਇਸ ਤੋਂ ਬਾਅਦ ਬੈਂਕ ਸਰਕਾਰ ਕੋਲ ਜਮ੍ਹਾਂ ਕਰਵਾਉਣਗੇ। -ਪੀਟੀਆਈ