ਨਵੀਂ ਦਿੱਲੀ: ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਅੱਜ ਅਗਨੀਪਥ ਯੋਜਨਾ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ 75 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ ਹੈ ਜਦੋਂ ਸੈਨਾ ਮੁਖੀਆਂ ਨੂੰ ਸਰਕਾਰ ਦੇ ਫ਼ੈਸਲੇ ਦੇ ਬਚਾਅ ਖਾਤਰ ਅੱਗੇ ਆਉਣਾ ਪਿਆ ਹੋਵੇ। ਜ਼ਿਕਰਯੋਗ ਹੈ ਕਿ ਬੀਤੇ ਦਿਨ ਤਿੰਨਾਂ ਸੈਨਾਵਾਂ ਦੇ ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਅਗਨੀਪਥ ਯੋਜਨਾ ਤਹਿਤ ਭਰਤੀ ਦਾ ਪ੍ਰੋਗਰਾਮ ਪੇਸ਼ ਕੀਤਾ ਸੀ ਤੇ ਚਿਤਾਵਨੀ ਦਿੱਤੀ ਸੀ ਕਿ ਹਿੰਸਾ ਦੇ ਅੱਗਜ਼ਨੀ ’ਚ ਸ਼ਾਮਲ ਨੌਜਵਾਨਾਂ ਨੂੰ ਸੈਨਾ ’ਚ ਭਰਤੀ ਨਹੀਂ ਕੀਤਾ ਜਾਵੇਗਾ। ਕਾਂਗਰਸ ਆਗੂ ਖੜਗੇ ਨੇ ਟਵੀਟ ਕੀਤਾ, ‘75 ਸਾਲਾਂ ’ਚ ਪਹਿਲੀ ਵਾਰ ਹੈ ਜਦੋਂ ਸੈਨਾਵਾਂ ਦੇ ਮੁਖੀਆਂ ਨੂੰ ਸਰਕਾਰ ਦੀ ਨੀਤੀ ਦੇ ਬਚਾਅ ਲਈ ਅੱਗੇ ਆਉਣਾ ਪਿਆ ਹੋਵੇ।’ ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਰੱਖਿਆ ਮੰਤਰੀ ਅਗਨੀਪਥ ਯੋਜਨਾ ਦੇ ਮੁੱਦੇ ’ਤੇ ਚੁੱਪ ਕਿਉਂ ਹਨ?’ -ਪੀਟੀਆਈ