ਰਾਂਚੀ, 4 ਮਾਰਚ
ਚਾਰਾ ਘੁਟਾਲੇ ਵਿਚ ਲਾਲੂ ਪ੍ਰਸਾਦ ਯਾਦਵ ਦੀ ਪਟੀਸ਼ਨ ਉਤੇ ਸੁਣਵਾਈ ਝਾਰਖੰਡ ਹਾਈ ਕੋਰਟ ਵਿਚ ਹਫ਼ਤੇ ਲਈ ਟਲ ਗਈ ਹੈ। ਆਰਜੇਡੀ ਸੁਪਰੀਮੋ ਨੇ ਇਸ ਕੇਸ ਵਿਚ ਆਪਣੀ ਸਜ਼ਾ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ। ਵਿਸ਼ੇਸ਼ ਸੀਬੀਆਈ ਅਦਾਲਤ ਨੇ ਲਾਲੂ ਨੂੰ 21 ਫਰਵਰੀ ਨੂੰ ਚਾਰਾ ਘੁਟਾਲੇ ਵਿਚ ਸਜ਼ਾ ਸੁਣਾਈ ਸੀ। ਅਦਾਲਤ ਨੇ ਲਾਲੂ ਦੇ ਵਕੀਲ ਨੂੰ ਪਟੀਸ਼ਨ ਵਿਚੋਂ ਖਾਮੀਆਂ ਦੂਰ ਕਰਨ ਲਈ ਕਿਹਾ ਹੈ ਤੇ ਸੁਣਵਾਈ ਹੁਣ 11 ਮਾਰਚ ਨੂੰ ਹੋਵੇਗੀ। ਪਟੀਸ਼ਨ ਵਿਚਲੀਆਂ ਖਾਮੀਆਂ ਬਾਰੇ ਅਜੇ ਤੱਕ ਜਾਣਕਾਰੀ ਨਹੀਂ ਮਿਲ ਸਕੀ ਹੈ। ਲਾਲੂ ਨੇ ਪਟੀਸ਼ਨ ਵਿਚ ਸਜ਼ਾ ਉਤੇ ਰੋਕ ਮੰਗੀ ਹੈ ਤੇ ਨਾਲ ਹੀ ਕਿਹਾ ਕਿ ਬਿਮਾਰ ਹੋਣ ਕਾਰਨ ਉਨ੍ਹਾਂ ਨੂੰ ਬਿਹਤਰ ਮੈਡੀਕਲ ਸਹੂਲਤ ਚਾਹੀਦੀ ਹੈ। ਬਿਹਾਰ ਦੇ ਆਗੂ ਨੇ ਪਟੀਸ਼ਨ 24 ਫਰਵਰੀ ਨੂੰ ਪਾਈ ਸੀ। ਲਾਲੂ ਪਹਿਲਾਂ ਜ਼ਮਾਨਤ ’ਤੇ ਸਨ ਤੇ ਸਜ਼ਾ ਹੋਣ ਮਗਰੋਂ 15 ਫਰਵਰੀ ਤੋਂ ਹਿਰਾਸਤ ਵਿਚ ਹਨ। -ਪੀਟੀਆਈ