ਤੇਜ਼ਪੁਰ (ਅਸਾਮ), 6 ਅਗਸਤ
ਅਯੁੱਧਿਆ ’ਚ ਰਾਮ ਮੰਦਰ ਲਈ ਭੂਮੀ ਪੂਜਨ ਸਮਾਗਮ ਦੇ ਜਸ਼ਨ ਮਨਾਉਣ ਵਾਸਤੇ ਬਜਰੰਗ ਦਲ ਦੇ ਕਾਰਕੁਨਾਂ ਵੱਲੋਂ ਕੱਢੀ ਗਈ ਮੋਟਰਸਾਈਕਲ ਰੈਲੀ ਦੌਰਾਨ ਦੋ ਫਿਰਕਿਆਂ ’ਚ ਝੜਪਾਂ ਹੋ ਗਈਆਂ। ਇਸ ਮਗਰੋਂ ਫ਼ੌਜ ਨੇ ਸੋਨਿਤਪੁਰ ਜ਼ਿਲ੍ਹੇ ਦੇ ਗੜਬੜੀ ਵਾਲੇ ਇਲਾਕਿਆਂ ’ਚ ਫਲੈਗ ਮਾਰਚ ਕੱਢਿਆ। ਅਧਿਕਾਰੀਆਂ ਨੇ ਕਿਹਾ ਕਿ ਥੇਲਾਮਾਰਾ ਅਤੇ ਢੇਕੀਆਜੁਲੀ ਇਲਾਕਿਆਂ ’ਚ ਅਣਮਿੱਥੇ ਸਮੇਂ ਦਾ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਡੀਜੀਪੀ ਨੂੰ ਫਿਰਕੂ ਝੜਪ ਦੀ ਜਾਂਚ ਦੇ ਹੁਕਮ ਦਿੱਤੇ ਹਨ। ਏਐੱਸਪੀ ਨੁਮਾਲ ਮਹਾਤਾ ਨੇ ਦੱਸਿਆ ਕਿ ਉਨ੍ਹਾਂ ਪੁੱਛ-ਗਿੱਛ ਲਈ ਦੋ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ ਅਤੇ ਹਾਲਾਤ ਕਾਬੂ ਹੇਠ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਧਿਰਾਂ ਦੇ ਕਰੀਬ 10 ਵਿਅਕਤੀ ਜ਼ਖ਼ਮੀ ਹੋਏ ਹਨ ਜਦਕਿ ਬਜਰੰਗ ਦਲ ਨੇ ਆਪਣੇ 12 ਕਾਰਕੁਨ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਹੈ। ਝੜਪਾਂ ਉਸ ਸਮੇਂ ਹੋਈਆਂ ਜਦੋਂ ਮੋਟਰਸਾਈਕਲਾਂ ’ਤੇ ਸਵਾਰ ਬਜਰੰਗ ਦਲ ਦੇ ਕਾਰਕੁਨ ਉੱਚੀ ਆਵਾਜ਼ ’ਚ ਗਾਣੇ ਵਜਾਉਂਦੇ ਅਤੇ ਨਾਅਰੇ ਮਾਰਦੇ ਹੋਏ ਭੋਰਾ ਸਿੰਗੋਰੀ ਮੰਦਰ ਵੱਲ ਜਾ ਰਹੇ ਸਨ। ਸਥਾਨਕ ਲੋਕਾਂ ਨੇ ਕਰੋਨਾ ਮਹਾਮਾਰੀ ਦੌਰਾਨ ਵੱਡੇ ਇਕੱਠ ’ਤੇ ਇਤਰਾਜ਼ ਜਤਾਇਆ ਤਾਂ ਦੋਵੇਂ ਧਿਰਾਂ ’ਚ ਝੜਪ ਹੋ ਗਈ। ਸੋਨਿਤਪੁਰ ਦੇ ਡਿਪਟੀ ਕਮਿਸ਼ਨਰ ਮਾਨਵੇਂਦਰ ਪ੍ਰਤਾਪ ਸਿੰਘ ਦੇ ਵਾਹਨ ਦੀ ਭੰਨ-ਤੋੜ ਵੀ ਕੀਤੀ ਗਈ। ਪੁਲੀਸ ਨੇ ਫਿਰਕੂ ਝੜਪ ਨੂੰ ਰੋਕਣ ਲਈ ਹਵਾ ’ਚ ਗੋਲੀਆਂ ਚਲਾਈਆਂ ਅਤੇ ਲਾਠੀਚਾਰਜ ਕੀਤਾ। ਸ਼ਰਾਰਤੀ ਅਨਸਰਾਂ ਵੱਲੋਂ ਕਈ ਵਾਹਨਾਂ ਨੂੰ ਅੱਗ ਲਗਾਉਣ ਮਗਰੋਂ ਵਾਧੂ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। -ਪੀਟੀਆਈ