ਜੰਮੂ: ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਵੱਲੋਂ ਕਾਂਗਰਸ ’ਚੋਂ ਦਿੱਤੇ ਅਸਤੀਫ਼ੇ ਮਗਰੋਂ ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਸਬੰਧਤ ਕਈ ਕਾਂਗਰਸੀ ਆਗੂ ਉਨ੍ਹਾਂ ਦੀ ਹਮਾਇਤ ਵਿੱਚ ਨਿੱਤਰ ਆਏ ਹਨ। ਪੰਜ ਸੀਨੀਅਰ ਪਾਰਟੀ ਆਗੂਆਂ, ਜਿਨ੍ਹਾਂ ਵਿੱਚ ਦੋ ਸਾਬਕਾ ਮੰਤਰੀ ਵੀ ਸ਼ਾਮਲ ਹਨ, ਨੇ ਅੱਜ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਸੂਤਰਾਂ ਨੇ ਕਿਹਾ ਕਿ ਅਗਲੇ ਦਿਨਾਂ ਵਿੱਚ ਕੁਝ ਹੋਰ ਪਾਰਟੀ ਆਗੂ ਅਸਤੀਫ਼ੇ ਦੇ ਸਕਦੇ ਹਨ। ਉਧਰ ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮਨੋਨੀਤ ਪ੍ਰਧਾਨ ਵਿਕਾਰ ਰਸੂਲ ਵਾਨੀ, ਜਿਨ੍ਹਾਂ ਨੂੰ ਆਜ਼ਾਦ ਦੇ ਵਫ਼ਾਦਾਰ ਵਜੋਂ ਵੇਖਿਆ ਜਾਂਦਾ ਹੈ, ਅਤੇ ਸਾਬਕਾ ਪ੍ਰਧਾਨ ਗੁਲਾਮ ਅਹਿਮਦ ਮੀਰ ਨੇ ਕਿਹਾ ਕਿ ਉਹ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਹੁਣ ਦੁੱਗਣੀ ਤਾਕਤ ਨਾਲ ਕੰਮ ਕਰਨਗੇ। ਸੂਤਰਾਂ ਮੁਤਾਬਕ ਸਾਬਕਾ ਮੰਤਰੀਆਂ ਆਰ. ਐੱਸ. ਚਿੱਬ ਤੇ ਜੀ.ਐੱਮ.ਸਰੂਰੀ, ਸਾਬਕਾ ਵਿਧਾਇਕ ਮੁਹੰਮਦ ਅਮੀਨ ਭੱਟ, ਸਾਬਕਾ ਐੱਮਐੱਲਸੀ ਨਰੇਸ਼ ਗੁਪਤਾ ਤੇ ਪਾਰਟੀ ਆਗੂ ਸਲਮਾਨ ਨਿਜ਼ਾਮੀ ਨੇ ਗੁਲਾਮ ਨਬੀ ਆਜ਼ਾਦ ਦੀ ਹਮਾਇਤ ਵਿੱਚ ਅੱਜ ਕਾਂਗਰਸ ’ਚੋਂ ਅਸਤੀਫ਼ੇ ਦੇ ਦਿੱਤੇ। ਸਾਬਕਾ ਸੰਸਦ ਮੈਂਬਰ ਜੁਗਲ ਕਿਸ਼ੋਰ ਸ਼ਰਮਾ ਤੇ ਸਾਬਕਾ ਵਿਧਾਇਕਾਂ ਹਾਜੀ ਅਬਦੁਲ ਰਾਸ਼ਿਦ, ਚੌਧਰੀ ਮੁਹੰਮਦ ਅਕਰਮ ਤੇ ਗੁਲਜ਼ਾਰ ਅਹਿਮਦ ਵਾਨੀ ਸਣੇ ਪੰਜ ਹੋਰ ਆਗੂ ਪਾਰਟੀ ਤੋਂ ਲਾਂਭੇ ਹੋਣ ਦੀ ਤਿਆਰੀ ਵਿੱਚ ਹਨ। ਇਕ ਹੋਰ ਸੀਨੀਅਰ ਆਗੂ ਮੁਨੀਰ ਅਹਿਮਦ ਮੀਰ ਦੇ ਵੀ ਜਲਦੀ ਅਸਤੀਫ਼ਾ ਦੇਣ ਦੇ ਚਰਚੇ ਹਨ। ਚਿੱਬ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੰਬੋਧਨ ਕੀਤੇ ਆਪਣੇ ਅਸਤੀਫ਼ੇ ਵਿੱਚ ਕਿਹਾ, ‘‘ਪਿਛਲੇ ਕੁਝ ਦਹਾਕਿਆਂ ਤੋਂ ਜੰਮੂ ਕਸ਼ਮੀਰ ਰਾਜ ਵਿੱਚ ਪੱਸਰੀ ਬੇਚੈਨੀ ਨੂੰ ਵੇਖਦਿਆਂ ਲੋਕਾਂ ਨੂੰ ‘ਆਜ਼ਾਦ’ ਵਰਗੇ ਫੈਸਲਾ ਲੈਣ ਵਾਲੇ ਆਗੂ ਦੀ ਲੋੜ ਹੈ, ਜੋ ਚੰਗੇਰੇ ਭਵਿੱਖ ਲਈ ਉਨ੍ਹਾਂ ਨੂੰ ਸੇਧ ਦੇ ਸਕੇ। ਮੇਰਾ ਮੰਨਣਾ ਹੈ ਕਿ ਕਾਂਗਰਸ ਪਾਰਟੀ ਉਹ ਭੂਮਿਕਾ ਨਹੀਂ ਨਿਭਾ ਸਕੀ, ਜਿਸ ਦੀ ਉਸ ਤੋਂ ਆਸ ਸੀ।’’ ਕਾਂਗਰਸ ਦੀ ਜੰਮੂ ਕਸ਼ਮੀਰ ਇਕਾਈ ਦੇ ਸਾਬਕਾ ਉਪ ਪ੍ਰਧਾਨ ਸਰੂਰੀ ਸਣੇ ਹੋਰਨਾਂ ਆਗੂਆਂ ਨੇ ਆਪਣੇ ਅਸਤੀਫ਼ੇ ਪਾਰਟੀ ਨੂੰ ਭੇਜਣ ਤੋਂ ਪਹਿਲਾਂ ਨਵੀਂ ਦਿੱਲੀ ਵਿੱਚ ਆਜ਼ਾਦ ਨਾਲ ਮੁਲਾਕਾਤ ਵੀ ਕੀਤੀ। ਪੀਡੀਪੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਕਿਹਾ ਕਿ ਉਹ ਕੋਈ ਟਿੱਪਣੀ ਨਹੀਂ ਕਰਨਗੇ ਕਿਉਂਕਿ ਇਹ ਕਾਂਗਰਸ ਪਾਰਟੀ ਦਾ ਅੰਦਰੂਨੀ ਮਸਲਾ ਹੈ। ਨੈਸ਼ਨਲ ਕਾਨਫਰੰਸ ਆਗੂ ਉਮਰ ਅਬਦੁੱਲਾ ਨੇ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਵਿੱਚ ਇੰਜ ਅੰਦਰੂਨੀ ਵਿਸਫੋਟ ਹੋਣਾ ਦੁਖਦਾਈ ਤੇ ਡਰਾਉਣ ਵਾਲਾ ਹੈ। -ਪੀਟੀਆਈ