ਸਰਬਜੋਤ ਸਿੰਘ ਦੁੱਗਲ
ਕਰਨਾਲ/ਸੋਨੀਪਤ, 2 ਨਵੰਬਰ
ਸੋਨੀਪਤ ਵਿੱਚ ਅੱਜ ਸ਼ਾਮ ਇੱਕ ਸੜਕ ਹਾਦਸੇ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 12 ਜਣੇ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕੁੰਡਲੀ-ਮਾਨੇਸਰ-ਪਲਵਲ (ਕੇਐੱਮਪੀ) ਐਕਸਪ੍ਰੈੱਸ- ਵੇਅ ਤੇ ਮਾਨੇਸਰ ਵੱਲੋਂ ਆ ਰਹੀ ਇੱਕ ਮਹਿੰਦਰਾ ਪਿੱਕਅੱਪ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਹਾਦਸੇ ਮਗਰੋਂ ਡਰਾਈਵਰ ਫ਼ਰਾਰ ਹੋ ਗਿਆ। ਜੀਪ ਵਿੱਚ ਸਵਾਰ ਸਾਰੇ ਲੋਕ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਉਕਸਿਆ ਪਿੰਡ ਦੇ ਵਸਨੀਕ ਸਨ। ਹਾਦਸੇ ਮਗਰੋਂ ਪੁਲੀਸ ਮੌਕੇ ’ਤੇ ਪੁੱਜੀ ਅਤੇ ਮੁੱਢਲੀ ਜਾਂਚ ਮਗਰੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ।
ਹਾਦਸਾ ਐਕਸਪ੍ਰੈੱਸ-ਵੇਅ ਅਤੇ ਖਰਖੌਦਾ ਨੇੜੇ ਸ਼ਾਮ ਕਰੀਬ ਸਵਾ ਚਾਰ ਵਜੇ ਵਾਪਰਿਆ। ਜਾਣਕਾਰੀ ਮੁਤਾਬਕ, ਮਹਿੰਦਰਾ ਪਿਕਅੱਪ ਗੱਡੀ ਵਿੱਚ ਸਵਾਰ 17 ਲੋਕ ਮਾਨੇਸਰ ਰਾਹੀਂ ਰਾਜਸਥਾਨ ਦੇ ਕਸਬਾ ਖੋਲੀ ਤੋਂ ਪਰਤ ਰਹੇ ਸਨ। ਖਰਖੌਦਾ ਇਲਾਕੇ ਦੇ ਪਾਈ ਪਿੰਡ ਕੋਲ ਕਿਸੇ ਅਣਪਛਾਤੇ ਵਾਹਨ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਮੁੰਨੀ (25), ਸਨੇਸ਼ (35), ਕਾਲੂ (23), ਮਮਤਾ (32), ਬ੍ਰਿਜਪਾਲ (47) ਵਾਸੀ ਉਤਰ ਪ੍ਰਦੇਸ਼ ਵਜੋਂ ਹੋਈ ਹੈ। ਜ਼ਖ਼ਮੀਆਂ ਨੂੰ ਖਰਖੌਦਾ ਅਤੇ ਬਹਾਦੁਰਗੜ੍ਹ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਉਤਰ ਪ੍ਰਦੇਸ਼ ਵਿੱਚ ਹਾਦਸੇ ਦੌਰਾਨ ਛੇ ਮੌਤਾਂ
ਬਹਿਰਾਈਚ (ਉਤਰ ਪ੍ਰਦੇਸ਼): ਪ੍ਰਯਾਗਪੁਰ ਖੇਤਰ ਵਿੱਚ ਬੀਤੀ ਰਾਤ ਇੱਕ ਵੈਨ ਨੂੰ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰਨ ਕਾਰਨ ਛੇ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਨੌਂ ਜਣੇ ਜ਼ਖ਼ਮੀ ਹੋ ਗਏ। ਵੈਨ ਵਿੱਚ 16 ਲੋਕ ਸਵਾਰ ਸਨ। ਘਟਨਾ ਐਤਵਾਰ ਰਾਤ ਨੂੰ ਉਸ ਸਮੇਂ ਵਾਪਰੀ, ਜਦੋਂ ਇਹ ਲੋਕ ਧਾਰਮਿਕ ਯਾਤਰਾ ਤੋਂ ਲਖੀਮਪੁਰ ਪਰਤ ਰਹੇ ਸਨ। ਪੁਲੀਸ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਜਿਨ੍ਹਾਂ ਵਿੱਚੋਂ ਛੇ ਨੂੰ ਮ੍ਰਿਤਕ ਐਲਾਨਿਆ ਗਿਆ। ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਜ਼ਖ਼ਮੀਆਂ ਦੇ ਇਲਾਜ਼ ਲਈ ਹਰ ਸੰਭਵ ਮਦਦ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ। -ਪੀਟੀਆਈ