ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਅਪਰੈਲ
ਇੱਥੇ ਕਾਂਗਰਸ ਦੇ ਦਫ਼ਤਰ ਦੇ ਬਾਹਰ ਹਿੰਦੂ ਸੈਨਾ ਵੱਲੋਂ ਜਹਾਂਗੀਰਪੁਰੀ ਹਿੰਸਾ ਦੇ ਮੁੱਦੇ ’ਤੇ ਲਾਏ ਗਏ ਪੋਸਟਰ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਨੇ ਐਫਆਈਆਰ ਦਰਜ ਕੀਤੀ ਹੈ। ਅਧਿਕਾਰੀਆਂ ਮੁਤਾਬਕ ਅੱਜ ਇੱਥੋਂ ਦੇ 24, ਅਕਬਰ ਰੋਡ ਸਥਿਤ ਕਾਂਗਰਸ ਦੇ ਕੌਮੀ ਹੈੱਡਕੁਆਰਟਰ ਦੇ ਬਾਹਰ ਕਥਿਤ ਤੌਰ ’ਤੇ ਪੋਸਟਰ ਲਾਉਣ ਦੇ ਮਾਮਲੇ ਵਿੱਚ ਹਿੰਦੂ ਸੈਨਾ ਦੇ ਕਾਰਕੁਨਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਹਾਲਾਂਕਿ ਇਸ ਵਿੱਚ ਅਣਪਛਾਤਿਆਂ ਦਾ ਜ਼ਿਕਰ ਕੀਤਾ ਗਿਆ ਹੈ ਤੇ ਕਿਸੇ ਵਿਸ਼ੇਸ਼ ਆਗੂ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ। ਸੈਨਾ ਆਗੂ ਵਿਸ਼ਨੂੰ ਗੁਪਤਾ ਨੇ ਜਥੇਬੰਦੀ ਦੇ ਮੈਂਬਰਾਂ ਨੇ ਹਿੰਦੂਆਂ ’ਤੇ ਹਮਲਿਆਂ ਨੂੰ ਲੈ ਕੇ ਕਾਂਗਰਸ ਪਾਰਟੀ ਦੀ ‘ਚੁੱਪ’ ’ਤੇ ਸਵਾਲ ਚੁੱਕੇ ਹਨ ਅਤੇ ਕੁੱਲ ਹਿੰਦ ਕਾਂਗਰਸ ਦੇ ਕੌਮੀ ਦਫ਼ਤਰ (ਏਆਈਸੀਸੀ) ਦੇ ਬਾਹਰ ਪੋਸਟਰ ਲਾ ਦਿੱਤੇ ਸਨ। ਗੁਪਤਾ ਨੇ ਸਵਾਲ ਕੀਤਾ, ‘ਦੇਸ਼ ਵਿੱਚ ਹਿੰਦੂਆਂ ਉਤੇ ਹੋ ਰਹੇ ਹਮਲਿਆਂ ’ਤੇ ਗਾਂਧੀ ਪਰਿਵਾਰ ਚੁੱਪ ਕਿਉਂ ਹੈ?’ ਜ਼ਿਕਰਯੋਗ ਹੈ ਕਿ ਦਿੱਲੀ ਦੇ ਜਹਾਂਗੀਰਪੁਰੀ ਵਿੱਚ 16 ਅਪਰੈਲ ਨੂੰ ਹਨੂੰਮਾਨ ਜੈਅੰਤੀ ਦੇ ਜਲੂਸ ਦੌਰਾਨ ਦੋ ਫਿਰਕਿਆਂ ਵਿਚਾਲੇ ਝੜਪਾਂ ਹੋਣ ਮਗਰੋਂ ਹਿੰਦੂ ਸੈਨਾ ਨੇ ਕਾਂਗਰਸ ਖ਼ਿਲਾਫ਼ ਪੋਸਟਰ ਲਾਉਣੇ ਸ਼ੁਰੂ ਕਰ ਦਿੱਤੇ ਸਨ। ਇਸ ਤੋਂ ਪਹਿਲਾਂ ‘ਜੇਐਨਯੂ’ ਵਿਚ ਵੀ ਹਿੰਦੂ ਸੈਨਾ ਨੇ ‘ਭਗਵਾ’ ਪੋਸਟਰ ਲਾਏ ਸਨ ਜਿਨ੍ਹਾਂ ਦਾ ਜਵਾਬ ਉੱਥੋਂ ਦੀ ਵਿਦਿਆਰਥੀ ਯੂਨੀਅਨ ਨੇ ਦਿੱਤਾ ਸੀ।