ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਸਤੰਬਰ
ਭਾਰਤ ਦੇ ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਦੀਨਬੰਧੂ ਸਰ ਛੋਟੂ ਰਾਮ ਦੇ ਜੀਵਨ, ਕੰਮਾਂ ਤੇ ਸਿਧਾਂਤਾਂ ’ਤੇ ਆਧਾਰਿਤ ਪੁਸਤਕ ‘ਸਰ ਛੋਟੂ ਰਾਮ ਰਾਈਟਿੰਗਜ਼ ਐਂਡ ਸਪੀਚਜ਼’ ਨੂੰ ਰਿਲੀਜ਼ ਕੀਤਾ। ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਦੀਨਬੰਧੂ ਸਰ ਛੋਟੂ ਰਾਮ ਦੇ ਤਿਆਗ ਤੇ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਰ ਛੋਟੂ ਰਾਮ ਨੇ ਸ਼ੋਸ਼ਣ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕੀਤਾ। ਵੈਂਕਈਆ ਨਾਇਡੂ ਨੇ ਕਿਹਾ ਕਿ ਸਰ ਛੋਟੂ ਰਾਮ ਅਤੇ ਉਨ੍ਹਾਂ ਦੀ ਯੂਨੀਅਨ ਦੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਹੈ ਜਿਨ੍ਹਾਂ ਨੇ ਧਰਮ ਦੇ ਆਧਾਰ ’ਤੇ ਦੇਸ਼ ਦੀ ਵੰਡ ਦਾ ਵਿਰੋਧ ਕੀਤਾ। ਖੇਤੀਬਾੜੀ ਅਤੇ ਪਸ਼ੂ-ਪਾਲਣ ਵਿੱਚ ਆਧੁਨਿਕ ਵਿਗਿਆਨ ਪ੍ਰਣਾਲੀ ਵਿਕਸਿਤ ਕਰਨ ਲਈ ਖੋਜ ਸੰਸਥਾਨ ਸਥਾਪਿਤ ਕਰਨ ਲਈ ਵਧੇਰੇ ਸਾਰਥਕ ਕਦਮ ਚੁੱਕੇ।
ਉਨ੍ਹਾਂ ਕਿਹਾ ਕਿ ਸਤਲੁਜ ਅਤੇ ਭਾਖੜਾ ਬੰਨ੍ਹ ਦੀ ਕਲਪਨਾ ਵੀ ਸਰ ਛੋਟੂ ਰਾਮ ਨੇ ਕੀਤੀ ਸੀ। ਉਸ ਦੇ ਨਿਰਮਾਣ ਲਈ ਅੰਗਰੇਜ਼ ਸਰਕਾਰ ਅਤੇ ਬਿਲਾਸਪੁਰ ਦੇ ਸ਼ਾਸਕ ਨਾਲ ਸਮਝੌਤਾ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਹਿੱਤ ਨੂੰ ਕਦੇ ਵੀ ਰਾਜਨੀਤੀ ਨਾਲ ਨਹੀਂ ਜੋੜਨਾ ਚਾਹੀਦਾ। ਕਿਸਾਨਾਂ ਦੇ ਸ਼ੋਸ਼ਣ ਨੂੰ ਬੰਦ ਕਰਨ ਲਈ ਮੰਡੀ ਦੀ ਵਿਵਸਥਾ ਹੋਣੀ ਚਾਹੀਦੀ ਹੈ। ਦੇਸ਼ ਦਾ ਕਿਸਾਨ ਕਿਤੇ ਵੀ ਜਾ ਕੇ ਆਪਣੀ ਫ਼ਸਲ ਦੀ ਵਿਕਰੀ ਕਰ ਸਕਦਾ ਹੈ। ਇਹ ਦੇਸ਼ ਅਤੇ ਕਿਸਾਨ ਦੇ ਹਿੱਤ ਵਿੱਚ ਹੈ।