ਲਖਨਊ, 12 ਅਗਸਤ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਭਾਜਪਾ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਰੱਖੇ ਗਏ ਸਮਾਗਮ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਵੋਟਾਂ ਨੇੜੇ ਆਉਣ ’ਤੇ ਹੁਣ ਭਾਜਪਾ ਨੂੰ ਕਿਸਾਨ ਦਿਖਾਈ ਦੇ ਰਹੇ ਹਨ। ਸ੍ਰੀ ਯਾਦਵ ਨੇ ਕਿਹਾ ਕਿ ਅਗਲੀਆਂ ਚੋਣਾਂ ਵਿੱਚ ਕਿਸਾਨ ਬਿਨਾ ਝਿਜਕ ਭਾਜਪਾ ਦੇ ਖ਼ਿਲਾਫ਼ ਵੋਟਾਂ ਪਾਉਣਗੇ। ਸਾਬਕਾ ਮੁੱਖ ਮੰਤਰੀ ਨੇ ਕਿਹਾ, ‘ਸੁਣਨ ਵਿੱਚ ਆਇਆ ਹੈ ਕਿ ਭਾਜਪਾ ਵੱਲੋਂ ਉੱਤਰ ਪ੍ਰਦੇਸ਼ ਵਿੱਚ ‘ਕਿਸਾਨ ਸੰਮੇਲਨ’ ਰੱਖਿਆ ਗਿਆ ਹੈ। ਜਦੋਂ ਅੰਨਦਾਤਾ ਦੇ ਵੋਟਰ ਬਣਨ ਦਾ ਵੇਲਾ ਨੇੜੇ ਆਉਂਦਾ ਹੈ ਤਾਂ ਭਾਜਪਾ ਨੂੰ ਕਿਸਾਨ ਚੇਤੇ ਆ ਜਾਂਦੇ ਹਨ। ਪਰ ਇਸ ਵਾਰ ਕਿਸਾਨ ਭਾਜਪਾ ਦੇ ਜਾਲ ਵਿੱਚ ਨਹੀਂ ਫਸਣਗੇ। 2022 ਦੀਆਂ ਚੋਣਾਂ ਵਿੱਚ ਕਿਸਾਨ ਬਿਨਾ ਕਿਸੇ ਰੋਕ ਤੋਂ ਭਾਜਪਾ ਖ਼ਿਲਾਫ਼ ਵੋਟ ਪਾਉਣਗੇ।’
ਜ਼ਿਕਰਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਸੂਬੇ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਨ ਲਈ 16 ਤੋਂ 23 ਅਗਸਤ ਦੌਰਾਨ ‘ਕਿਸਾਨ ਸੰਵਾਦ’ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਭਾਜਪਾ ਕਿਸਾਨ ਮੋਰਚੇ ਦੇ ਸੂਬਾਈ ਪ੍ਰਧਾਨ ਕਾਮੇਸ਼ਵਰ ਸਿੰਘ ਨੇ ਕਿਹਾ ਕਿ ਪਾਰਟੀ ਕਿਸਾਨਾਂ ਤੱਕ ਪਹੁੰਚ ਬਣਾਏਗੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੇਗੀ। -ਪੀਟੀਆਈ