ਨਵੀਂ ਦਿੱਲੀ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਅਹਿਮ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਤਿੰਨੋਂ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਅੰਦਰ ਚੱਲ ਰਹੇ ਕਿਸਾਨ ਅੰਦੋਲਨ ਕਰਕੇ ਕਿਸਾਨ ਭਾਈਚਾਰੇ ਨੂੰ ਦੇਸ਼ ਦੇ ਰਾਜਨੀਤਕ ਦ੍ਰਿਸ਼ਟੀਕੋਣ ਤੋਂ ਮੁੜ ਇੱਕ ਅਹਿਮ ਧਿਰ ਬਣਾ ਦਿੱਤਾ ਹੈ। ਇਸ ਅੰਦੋਲਨ ਨੇ ਹਰ ਸਿਆਸੀ ਆਗੂ ਨੂੰ ਸਬਕ ਸਿਖਾਇਆ ਹੈ ਕਿ ਉਹ ਕਿਸਾਨਾਂ ਨਾਲ ਪੰਗਾ ਨਾ ਲਵੇ। ਉਨ੍ਹਾਂ ਕਿਹਾ ਕਿ ਸਿਆਸੀ ਲੋਕ ਕਿਸਾਨਾਂ ਨੂੰ ਘੱਟ ਸਮਝ ਰਹੇ ਸਨ ਪਰ ਇਸ ਅੰਦੋਲਨ ਨੇ ਇਹ ਦਿਖਾਇਆ ਹੈ ਕਿਸਾਨਾਂ ਨਾਲ ਟਕਰਾਉਣਾ ਕਿੰਨਾ ਮਹਿੰਗਾ ਸੌਦਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨਾਂ ਖ਼ਿਲਾਫ਼ ਲੜਾਈ ਇੱਕ ਅਜਿਹਾ ਕਾਰਨ ਬਣੀ ਕਿ ਹੁਣ ਦੇਸ਼ ਭਰ ਵਿੱਚ ਵੱਡੀ ਗਿਣਤੀ ਵਿੱਚ ਧਾਰਮਿਕ ਤੇ ਜਾਤੀਗਤ ਰੁਕਾਵਾਟਾਂ ਪਾਰ ਕਰਕੇ ਕਿਸਾਨਾਂ ਨੇ ਆਵਾਜ਼ ਚੁੱਕੀ। ਉਨ੍ਹਾਂ ਕਿਹਾ ਕਿ ਪਹਿਲਾਂ ਅਜਿਹਾ ਨਹੀਂ ਹੋਇਆ। ਹੁਣ ਇਕਜੁੱਟ ਹੋਏ ਹਨ। ਹਰਿਆਣਾ ਤੇ ਪੰਜਾਬ ਦੇ ਕਿਸਾਨ ਇਕੱਠੇ ਹਨ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਵਿੱਚ ਫਿਰਕੂ ਵੰਡੀਆਂ ਪਾਉਣ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਮੁਸਲਮਾਨ ਤੇ ਹਿੰਦੂ ਕਿਸਾਨ ਅੰਦੋਲਨ ਵਿੱਚ ਇਕੱਠੇ ਹਨ। ਰਾਜਸਥਾਨ ਵਿੱਚ ਗੁਜਰ ਤੇ ਮੀਣਾ ਇਕਜੁੱਟ ਹਨ। ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਕਵਿਤਾ ਕੁਰੂਗੰਤੀ ਨੇ ਕਿਹਾ ਕਿ ਇਹ ਅੰਦੋਲਨ ਸਮਾਜਿਕ ਤੌਰ ’ਤੇ ਬਹੁਤ ਉਸਾਰੂ ਸਾਬਤ ਹੋਇਆ ਹੈ।