ਨਵੀਂ ਦਿੱਲੀ, 4 ਜੁਲਾਈ
ਰਾਹੁਲ ਗਾਂਧੀ ਦੀ ਫ਼ਰਜ਼ੀ ਵੀਡੀਓ ਨੂੰ ਲੈ ਕੇ ਛੱਤੀਸਗੜ੍ਹ ਦੇ ਬਿਲਾਸਪੁਰ ਵਿੱਚ ਭਾਜਪਾ ਸੰਸਦ ਮੈਂਬਰ ਰਾਜਵਰਧਨ ਸਿੰਘ ਰਾਠੌਰ ਤੇ ਸੁੁਬ੍ਰਤ ਪਾਠਕ ਖਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਇਹ ਫ਼ਰਜ਼ੀ ਵੀਡੀਓ ਬਣਾਉਣ ਦਾ ਅਸਲ ਮੰਤਵ ਫ਼ਿਰਕੂ ਸਦਭਾਵਨਾ ਭੜਕਾਉਣਾ ਸੀ। ਪਾਰਟੀ ਦੀ ਮੀਡੀਆ ਵਿੰਗ ਤੇ ਪ੍ਰਚਾਰ ਟੀਮ ਦੇ ਮੁਖੀ ਪਵਨ ਖੇੜਾ ਨੇ ਕਿਹਾ ਕਿ ਐੱਫਆਈਆਰ ਉਪਰੋਕਤ ਦੋਵਾਂ ਸੰਸਦ ਮੈਂਬਰਾਂ ਤੇ ਤਿੰਨ ਹੋਰਨਾਂ ਖਿਲਾਫ਼ ਦਰਜ ਕੀਤੀ ਗਈ ਹੈ। ਕਾਂਗਰਸ ਨੇ ਦਿੱਲੀ, ਝਾਰਖੰਡ, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ ਤੇ ਯੂਪੀ ਵਿੱਚ ਵੀ ਉਨ੍ਹਾਂ ਖਿਲਾਫ਼ ਕੇਸ ਦਰਜ ਕੀਤੇ ਹਨ। ਕਾਬਿਲੇਗੌਰ ਹੈ ਕਿ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਨੂੰ ਪੱਤਰ ਲਿਖ ਕੇ ਰਾਹੁਲ ਗਾਂਧੀ ਖਿਲਾਫ਼ ਫਰਜ਼ੀ ਖ਼ਬਰਾਂ ਦਾ ਪ੍ਰਚਾਰ ਪਾਸਾਰ ਕਰਨ ਵਾਲੇ ਭਾਜਪਾ ਆਗੂਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਰਮੇਸ਼ ਨੇ ਰਾਹੁਲ ਗਾਂਧੀ ਦਾ ਫਰਜ਼ੀ ਵੀਡੀਓ ਉਨ੍ਹਾਂ ਦੀਆਂ ਟਵਿੱਟਰ ਟਾਈਮਲਾਈਨਾਂ ਤੋਂ ਹਟਾਉਣ ਲਈ ਵੀ ਕਿਹਾ ਸੀ। -ਪੀਟੀਆਈ