ਨਵੀਂ ਦਿੱਲੀ, 25 ਜੁਲਾਈ
ਸੁਪਰੀਮ ਕੋਰਟ ਨੇ ਸਮਾਜਵਾਦੀ ਪਾਰਟੀ (ਸਪਾ) ਦੇ ਆਗੂ ਆਜ਼ਮ ਖਾਨ ਦੇ ਵਿਧਾਇਕ ਪੁੱਤਰ ਦੇ ਫਰਜ਼ੀ ਜਨਮ ਸਰਟੀਫਿਕੇਟ ਮਾਮਲੇ ’ਚ ਦੋਸ਼ ਪੱਤਰ ਰੱਦ ਕਰਨ ਤੋਂ ਇਨਕਾਰ ਕਰਨ ਦੇ ਅਲਾਹਾਬਾਦ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਸਪਾ ਆਗੂ ਦੀ ਅਪੀਲ ਅੱਜ ਖਾਰਜ ਕਰ ਦਿੱਤੀ ਹੈ।
ਜਸਟਿਸ ਹੇਮੰਤ ਗੁਪਤਾ ਤੇ ਜਸਟਿਸ ਵਿਕਰਮ ਨਾਥ ਦੇ ਬੈਂਚ ਨੇ ਅਪੀਲ ਖਾਰਜ ਕਰਦਿਆਂ ਕਿਹਾ ਕਿ ਉਸ ਨੂੰ ਹਾਈ ਕੋਰਟ ਦੇ ਹੁਕਮਾਂ ’ਚ ਦਖਲ ਦੇਣ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ।
ਬੈਂਚ ਨੇ ਕਿਹਾ, ‘ਹਾਲਾਂਕਿ ਹਾਈ ਕੋਰਟ ਦੀ ਕਿਸੇ ਵੀ ਟਿੱਪਣੀ ਤੇ ਚਰਚਾ ਨਾਲ ਉਸ ਕੇਸ ’ਤੇ ਕੋਈ ਅਸਰ ਨਹੀਂ ਪਵੇਗਾ ਜਿਸ ਦਾ ਪਟੀਸ਼ਨਰ ਨੇ ਸਾਹਮਣਾ ਕਰਨਾ ਹੈ।’ ਆਜ਼ਮ ਖਾਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਹਾਈ ਕੋਰਟ ਨੇ ਦੋਸ਼ ਪੱਤਰ ਖਾਰਜ ਕਰਨ ਤੋਂ ਇਨਕਾਰ ਕਰਦਿਆਂ ਚੋਣ ਕਮਿਸ਼ਨ ਦੇ ਸਿੱਟਿਆਂ ’ਤੇ ਭਰੋਸਾ ਕਰਕੇ ਗਲਤ ਕੀਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਮਾਮਲੇ ’ਚ ਸਬੂਤਾਂ ਦੀ ਪੜਤਾਲ ਕਰਨਾ ਹੇਠਲੀ ਅਦਾਲਤ ਦਾ ਕੰਮ ਹੈ। ਜ਼ਿਕਰਯੋਗ ਹੈ ਕਿ ਆਜ਼ਮ ਖਾਨ, ਉਨ੍ਹਾਂ ਦੀ ਪਤਨੀ ਤਜ਼ੀਨ ਫਾਤਿਮਾ ਤੇ ਪੁੱਤਰ ਅਬਦੁੱਲ੍ਹਾ ਆਜ਼ਮ ਖਾਨ ਇੱਕ ਅਪਰਾਧਕ ਮਾਮਲੇ ’ਚ ਜੇਲ੍ਹ ਜਾ ਚੁੱਕੇ ਹਨ। ਉਨ੍ਹਾਂ ’ਤੇ ਦੋਸ਼ ਹੈ ਕਿ ਉੱਤਰ ਪ੍ਰਦੇਸ਼ ਦੇ ਸੁਆਰ ਤੋਂ ਵਿਧਾਇਕ ਅਬਦੁੱਲ੍ਹਾ ਖਾਨ ਕੋਲ ਦੋ ਵੱਖ ਵੱਖ ਥਾਵਾਂ ਤੋਂ ਫਰਜ਼ੀ ਢੰਗ ਨਾਲ ਜਾਰੀ ਦੋ ਜਨਮ ਸਰਟੀਫਿਕੇਟ ਹਨ। -ਪੀਟੀਆਈ