ਮੁੰਬਈ, 25 ਅਕਤੂਬਰ
ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਕਰੋਨਾ ਪਾਜ਼ੇਟਿਵ ਪਾਏ ਜਾਣ ’ਤੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਆਖਿਆ ਉਹ ਉਨ੍ਹਾਂ ਨੂੰ ਆਪਣਾ ਧਿਆਨ ਰੱਖਣ ਲਈ ਕਹਿ ਰਹੇ ਹਨ ਅਤੇ ਹੁਣ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਬਾਹਰ ਸਥਿਤੀ ਗੰਭੀਰ ਹੈ।
ਕਰੋਨਾ ਮਹਾਮਾਰੀ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੇ ਘਰੋਂ ਬਾਹਰ ਨਾ ਨਿਕਲਣ ਕਾਰਨ ਵਿਰੋਧੀ ਧਿਰਾਂ ਵੱਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਦੇ ਮੱਦੇਨਜ਼ਰ ਸੰਜੈ ਰਾਊਤ ਨੇ ਇਹ ਟਿੱਪਣੀ ਕੀਤੀ ਹੈ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਰਾਊਤ ਨੇ ਕਿਹਾ ਕਿ ਸ੍ਰੀ ਠਾਕਰੇ ਨੇ ਵਿਰੋਧੀ ਧਿਰ ਦੇ ਨੇਤਾ ਫੜਨਵੀਸ ਦਾ ਵਧੀਆ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਦੇਵੇਂਦਰ ਫੜਨਵੀਸ ਸ਼ਨਿਚਰਵਾਰ ਕਰੋਨਾ ਪਾਜ਼ੇਟਿਵ ਪਾਏ ਗਏ ਸਨ।
ਪਾਰਟੀ ਦੇ ਇੱਕ ਸੂਤਰ ਅਨੁਸਾਰ ਭਾਜਪਾ ਨੇਤਾ ਦਵੇਂਦਰ ਫੜਨਵੀਸ ਨੂੰ ਇਲਾਜ ਲਈ ਮੁੰਬਈ ਦੇ ਇੱਕ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਸ੍ਰੀ ਰਾਊਤ ਨੇ ਆਖਿਆ, ‘ਵਿਰੋਧੀ ਧਿਰ ਮੁੱਖ ਮੰਤਰੀ ਨੂੰ ਬਾਹਰ ਨਾ ਨਿਕਲਣ ਕਾਰਨ ਨਿਸ਼ਾਨਾ ਬਣਾ ਰਹੀ ਸੀ। ਅਸੀਂ ਉਨ੍ਹਾਂ ਨੂੰ ਆਪਣਾ ਧਿਆਨ ਰੱਖਣ ਲਈ ਕਹਿ ਰਹੇ ਹਾਂ ਅਤੇ ਹੁਣ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਬਾਹਰ ਸਥਿਤੀ ਗੰਭੀਰ ਹੈ।’ ਉਨ੍ਹਾਂ ਕਿਹਾ ਕਿ ਫੜਨਵੀਸ ਨੇ ਸਰਕਾਰੀ ਹਸਪਤਾਲ ’ਚ ਦਾਖਲ ਹੋ ਕੇ ਇੱਕ ਵਧੀਆ ਉਦਾਹਰਨ ਪੇਸ਼ ਕੀਤੀ ਹੈ ਅਤੇ ਸ੍ਰੀ ਠਾਕਰੇ ਨੇ ਅਧਿਕਾਰੀਆਂ ਨੂੰ ਉਨ੍ਹਾਂ ਦਾ ਵਧੀਆ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਸ਼ਿਵ ਸੈਨਾ ਦੇ ਮੁੱਖ ਤਰਜਮਾਨ ਨੇ ਇਹ ਵੀ ਕਿਹਾ ਕਿ ਕਰੋਨਾ ਦੀ ਵੈਕਸੀਨ ਸਾਰੇ ਨਾਗਰਿਕਾਂ ਲਈ ਹੋਣੀ ਚਾਹੀਦੀ ਹੈ ਅਤੇ ਇਸ ’ਤੇ ਸਿਆਸਤ ਕਰਨੀ ਠੀਕ ਨਹੀਂ।
-ਪੀਟੀਆਈ
‘ਰਲ ਕੇ ਲੜਾਂਗੇ ਮੁੰਬਈ ਮਿਉਂਸਿਪਲ ਚੋਣਾਂ’
ਮੁੰਬਈ: ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਅੱਜ ਕਿਹਾ ਕਿ ਮਹਾ ਵਿਕਾਸ ਅਘਾੜੀ (ਐੱਮਵੀਏ) ਗੱਠਜੋੜ ਦੀਆਂ ਸਾਰੀਆਂ ਪਾਰਟੀਆਂ 2022 ਦੀਆਂ ਮੁੰਬਈ ਮਿਊਂਸਿਪਲ ਚੋਣਾਂ ਇਕੱਠੇ ਹੀ ਲੜਨਗੀਆਂ। ਐੱਮਵੀਏ ਗੱਠਜੋੜ ਵਿੱਚ ਸ਼ਿਵ ਸੈਨਾ, ਐੱਨਸੀਪੀ ਅਤੇ ਕਾਂਗਰਸ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੀ ਸੱਤਾਧਾਰੀ ਐੱਮਵੀਏ ਇੱਥੇ ਪੱਕੇ ਤੌਰ ’ਤੇ ਰਹਿਣ ਲਈ ਹੈ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਗੱਠਜੋੜ ਦੇਸ਼ ਦੀ ਵਿੱਤੀ ਰਾਜਧਾਨੀ ਦੀਆਂ ਸਥਾਨਕ ਚੋਣਾਂ ’ਚ ਜਿੱਤ ਹਾਸਲ ਕਰੇਗਾ। -ਪੀਟੀਆਈ