ਮੁੰਬਈ: ਕੌਮੀ ਜਾਂਚ ਏਜੰਸੀ (ਐਨਆਈਏ) ਨੇ ਐਲਗਾਰ ਪ੍ਰੀਸ਼ਦ-ਮਾਓਇਸਟ ਲਿੰਕ ਕੇਸ ਬਾਰੇ ਅਮਰੀਕੀ ਫਰਮ ਵੱਲੋਂ ਦਿੱਤੀ ਗਈ ਫੌਰੈਂਸਿਕ ਰਿਪੋਰਟ ਨੂੰ ਬੰਬੇ ਹਾਈ ਕੋਰਟ ਵਿਚ ਨਕਾਰ ਦਿੱਤਾ ਹੈ। ਇਸ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਕਾਰਕੁਨ ਰੋਨਾ ਵਿਲਸਨ ਦੇ ਕੰਪਿਊਟਰ ਵਿਚ ਇਲੈਕਟ੍ਰੌਨਿਕ ਸਬੂਤ ਸਾਜ਼ਿਸ਼ ਤਹਿਤ ਰੱਖਿਆ ਗਿਆ ਸੀ। ਹਾਈ ਕੋਰਟ ਵਿਚ ਦਾਇਰ ਹਲਫ਼ਨਾਮੇ ਵਿਚ ਐਨਆਈਏ ਨੇ ਰਿਪੋਰਟ ਨੂੰ ‘ਪੂਰੀ ਤਰ੍ਹਾਂ’ ਨਕਾਰ ਦਿੱਤਾ ਤੇ ਕਿਹਾ ਕਿ ਸਬੂਤ ਘੜਨ ਤੇ ਇਨ੍ਹਾਂ ਨੂੰ ਕੰਪਿਊਟਰ ਵਿਚ ਬਿਨਾਂ ਜਾਣਕਾਰੀ ਰੱਖਣ ਦੇ ਲਾਏ ਦੋਸ਼ਾਂ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਕੇਂਦਰੀ ਏਜੰਸੀ ਨੇ ਕਿਹਾ ਕਿ ਵਿਲਸਨ ਨੇ ਅਮਰੀਕੀ ਰਿਪੋਰਟ ਦੇ ਅਧਾਰ ’ਤੇ ਜਿਹੜੀ ਪਟੀਸ਼ਨ ਦਾਇਰ ਕੀਤੀ ਹੈ, ਉਸ ਨੂੰ ਰੱਦ ਕੀਤਾ ਜਾਵੇ ਤੇ ਕਾਰਕੁਨ ਨੂੰ ਜੁਰਮਾਨਾ ਲਾਇਆ ਜਾਵੇ। -ਪੀਟੀਆਈ