ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਵੱਖ-ਵੱਖ ਹਾਈ ਕੋਰਟਾਂ ਵਿਚ ਚੀਫ ਜਸਟਿਸ ਦੇ ਅਹੁਦਿਆਂ ਲਈ ਕੇਂਦਰ ਸਰਕਾਰ ਨੂੰ ਅੱਠ ਨਾਵਾਂ ਦੀ ਸਿਫ਼ਾਰਿਸ਼ ਕੀਤੀ ਹੈ। ਸੂਤਰਾਂ ਮੁਤਾਬਕ ਅੱਠ ਨਾਵਾਂ ਵਿਚ ਕਲਕੱਤਾ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਰਾਜੇਸ਼ ਬਿੰਦਲ ਦਾ ਨਾਂ ਵੀ ਸ਼ਾਮਲ ਹੈ ਜਿਨ੍ਹਾਂ ਨੂੰ ਅਲਾਹਾਬਾਦ ਹਾਈ ਕੋਰਟ ਦਾ ਚੀਫ ਜਸਟਿਸ ਲਾਉਣ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਤਿੰਨ ਮੈਂਬਰੀ ਕੌਲਿਜੀਅਮ ਦੀ ਅਗਵਾਈ ਭਾਰਤ ਦੇ ਚੀਫ ਜਸਟਿਸ ਐਨ.ਵੀ. ਰਾਮੰਨਾ ਕਰ ਰਹੇ ਹਨ। ਕੌਲਿਜੀਅਮ ਨੇ ਤ੍ਰਿਪੁਰਾ ਦੇ ਚੀਫ ਜਸਟਿਸ ਅਕੀਲ ਕੁਰੈਸ਼ੀ ਨੂੰ ਰਾਜਸਥਾਨ ਹਾਈ ਕੋਰਟ ਬਦਲਣ ਦੀ ਸਿਫ਼ਾਰਿਸ਼ ਕੀਤੀ ਹੈ। ਅਲਾਹਾਬਾਦ ਤੋਂ ਇਲਾਵਾ ਕਲਕੱਤਾ, ਆਂਧਰਾ ਪ੍ਰਦੇਸ਼, ਕਰਨਾਟਕ, ਤਿਲੰਗਾਨਾ, ਮੇਘਾਲਿਆ, ਗੁਜਰਾਤ ਤੇ ਮੱਧ ਪ੍ਰਦੇਸ਼ ਨੂੰ ਨਵੇਂ ਚੀਫ ਜਸਟਿਸ ਮਿਲਣਗੇ। ਚੀਫ ਜਸਟਿਸ ਤੋਂ ਇਲਾਵਾ ਤਿੰਨ ਮੈਂਬਰੀ ਕੌਲਿਜੀਅਮ ਵਿਚ ਜਸਟਿਸ ਯੂ.ਯੂ. ਲਲਿਤ ਤੇ ਏ.ਐਮ. ਖਾਨਵਿਲਕਰ ਸ਼ਾਮਲ ਹਨ। ਸੂਤਰਾਂ ਮੁਤਾਬਕ ਉਨ੍ਹਾਂ ਪੰਜ ਚੀਫ ਜਸਟਿਸਾਂ ਤੇ ਹਾਈ ਕੋਰਟ ਦੇ 28 ਹੋਰ ਜੱਜਾਂ ਦੇ ਤਬਾਦਲੇ ਦੀ ਸਿਫ਼ਾਰਿਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲੇ ਕਈ ਮੀਟਿੰਗਾਂ ਤੋਂ ਬਾਅਦ ਲਏ ਗਏ ਹਨ। ਸੂਤਰਾਂ ਮੁਤਾਬਕ ਜਸਟਿਸ ਕੁਰੈਸ਼ੀ ਤੋਂ ਇਲਾਵਾ, ਕੌਲਿਜੀਅਮ ਨੇ ਆਂਧਰਾ ਪ੍ਰਦੇਸ਼ ਦੇ ਚੀਫ ਜਸਟਿਸ ਅਰੂਪ ਕੁਮਾਰ ਗੋਸਵਾਮੀ ਨੂੰ ਛੱਤੀਸਗੜ੍ਹ ਹਾਈ ਕੋਰਟ ਦਾ ਚੀਫ ਜਸਟਿਸ ਲਾਉਣ ਦੀ ਸਿਫ਼ਾਰਿਸ਼ ਕੀਤੀ ਹੈ। ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਮੁਹੰਮਦ ਰਫ਼ੀਕ ਨੂੰ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦਾ ਚੀਫ ਜਸਟਿਸ ਲਾਉਣ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਰਾਜਸਥਾਨ ਹਾਈ ਕੋਰਟ ਦੇ ਚੀਫ ਜਸਟਿਸ ਇੰਦਰਜੀਤ ਮਹੰਤੀ ਨੂੰ ਤ੍ਰਿਪੁਰਾ ਭੇਜਣ ਦੀ ਸਿਫ਼ਾਰਿਸ਼ ਕੀਤੀ ਗਈ ਹੈ। -ਪੀਟੀਆਈ