ਮੁੰਬਈ, 31 ਜੁਲਾਈ
ਮੁੱਖ ਅੰਸ਼
- ਸ਼ਿਵ ਸੈਨਾ ਆਗੂ ਤੋਂ ਕਈ ਘੰਟੇ ਕੀਤੀ ਪੁੱਛ ਪੜਤਾਲ
- ਜਾਂਚਵਿੱਚ ਸ਼ਾਮਲ ਨਾ ਹੋਣ ’ਤੇ ਏਜੰਸੀ ਨੇ ਕੀਤੀ ਕਾਰਵਾਈ
- ਰਾਊਤ ਦੀ ਰਿਹਾਇਸ਼ ਅੱਗੇ ਇਕੱਠੇ ਹੋਏ ਪਾਰਟੀ ਵਰਕਰਾਂ ਨੇ ਈਡੀ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਪਾਤਰਾ ਚਾਲ ਜ਼ਮੀਨੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਦੇ ਸਿਲਸਿਲੇ ’ਚ ਸ਼ਿਵ ਸੈਨਾ ਆਗੂ ਸੰਜੈ ਰਾਊਤ ਦੀ ਰਿਹਾਇਸ਼ ’ਤੇ ਛਾਪਾ ਮਾਰ ਕੇ ਨੌਂ ਘੰਟੇ ਤੱਕ ਕਾਰਵਾਈ ਕੀਤੀ ਅਤੇ ਰਾਊਤ ਨੂੰ ਦੱਖਣੀ ਮੁੰਬਈ ਸਥਿਤ ਏਜੰਸੀ ਦੇ ਦਫ਼ਤਰ ਲਿਜਾਣ ਤੋਂ ਪਹਿਲਾਂ ਉਨ੍ਹਾਂ ਤੋਂ ਪੁੱਛ-ਪੜਤਾਲ ਵੀ ਕੀਤੀ। ਸੰਜੈ ਰਾਊਤ ਨੂੰ ਜਦੋਂ ਈਡੀ ਦੀ ਟੀਮ ਆਪਣੇ ਨਾਲ ਲਿਜਾ ਰਹੀ ਸੀ ਤਾਂ ਰਾਊਤ ਦੇ ਬੰਗਲੇ ‘ਮੈਤਰੀ’ ਦੇ ਬਾਹਰ ਵੱਡੀ ਗਿਣਤੀ ’ਚ ਉਨ੍ਹਾਂ ਦੇ ਹਮਾਇਤੀ ਇਕੱਠੇ ਹੋ ਗਏ। ਸੰਜੈ ਰਾਊਤ ਨੇ ਆਪਣੇ ਸਮਰਥਕਾਂ ਵੱਲ ਦੇਖ ਕੇ ਹੱਥ ਵੀ ਹਿਲਾਇਆ। ਇਸ ਮੌਕੇ ਸੰਜੈ ਰਾਊਤ ਦੀ ਪਤਨੀ ਵਰਸ਼ਾ, ਉਨ੍ਹਾਂ ਦੀ ਮਾਂ ਤੇ ਪਰਿਵਾਰ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਨਾਲ ਸਬੰਧਤ ਇਸ ਕੇਸ ਵਿੱਚ ਅੱਜ ਸਵੇਰੇ ਸੱਤ ਵਜੇ ਸ਼ਿਵ ਸੈਨਾ ਆਗੂ ਤੇ ਸੰਸਦ ਮੈਂਬਰ ਸੰਜੈ ਰਾਊਤ ਦੀ ਰਿਹਾਇਸ਼ ‘ਮੈਤਰੀ’ ’ਤੇ ਛਾਪਾ ਮਾਰਿਆ। ਈਡੀ ਦੇ ਅਧਿਕਾਰੀਆਂ ਨਾਲ ਸੀਆਰਪੀਐੱਫ ਦੇ ਸੁਰੱਖਿਆ ਕਰਮੀ ਵੀ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਈਡੀ ਨੇ ਰਾਊਤ ਖ਼ਿਲਾਫ਼ ਕਈ ਵਾਰ ਸੰਮਨ ਜਾਰੀ ਕੀਤੇ ਸਨ ਤੇ ਉਨ੍ਹਾਂ ਨੂੰ 27 ਜੁਲਾਈ ਲਈ ਵੀ ਤਲਬ ਕੀਤਾ ਗਿਆ ਸੀ। ਰਾਊਤ ਨੂੰ ਮੁੰਬਈ ਦੇ ਇੱਕ ਚਾਲ ਦੇ ਪੁਨਰ ਵਿਕਾਸ ਅਤੇ ਉਨ੍ਹਾਂ ਦੀ ਪਤਨੀ ਤੇ ਹੋਰ ਸਹਿਯੋਗੀਆਂ ਦੀ ਸ਼ਮੂਲੀਅਤ ਵਾਲੇ ਲੈਣ-ਦੇਣ ’ਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਕੇਸ ’ਚ ਪੁੱਛ-ਪੜਤਾਲ ਲਈ ਤਲਬ ਕੀਤਾ ਗਿਆ ਸੀ। ਰਾਊਤ ਇਸ ਮਾਮਲੇ ’ਚ ਆਪਣਾ ਬਿਆਨ ਦੇਣ ਲਈ ਪਹਿਲੀ ਜੁਲਾਈ ਨੂੰ ਮੁੰਬਈ ’ਚ ਏਜੰਸੀ ਦੇ ਸਾਹਮਣੇ ਪੇਸ਼ ਹੋਏ ਸਨ। ਇਸ ਤੋਂ ਬਾਅਦ ਏਜੰਸੀ ਨੇ ਉਨ੍ਹਾਂ ਨੂੰ ਦੋ ਵਾਰ ਤਲਬ ਕੀਤਾ ਪਰ ਮੌਨਸੂਨ ਸੈਸ਼ਨ ’ਚ ਸ਼ਾਮਲ ਹੋਣ ਦਾ ਹਵਾਲਾ ਦੇ ਕੇ ਉਹ ਪੇਸ਼ ਨਾ ਹੋਏ। ਇਸ ਮਗਰੋਂ ਈਡੀ ਨੇ ਅੱਜ ਸਵੇਰੇ ਸੱਤ ਵਜੇ ਉਨ੍ਹਾਂ ਦੀ ਰਿਹਾਇਸ਼ ’ਤੇ ਛਾਪਾ ਮਾਰਿਆ ਅਤੇ ਉੱਥੇ ਕਈ ਘੰਟੇ ਕਾਰਵਾਈ ਕਰਨ ਤੋਂ ਬਾਅਦ ਸ਼ਾਮ ਨੂੰ ਸੰਜੈ ਰਾਊਤ ਨੂੰ ਹਿਰਾਸਤ ਵਿੱਚ ਲੈ ਲਿਆ। ਈਡੀ ਵੱਲੋਂ ਮਾਰੇ ਗਏ ਛਾਪੇ ਦੌਰਾਨ ਵੱਡੀ ਗਿਣਤੀ ’ਚ ਸ਼ਿਵ ਸੈਨਾ ਵਰਕਰ ਰਾਊਤ ਦੀ ਰਿਹਾਇਸ਼ ਅੱਗੇ ਇਕੱਠੇ ਹੋਏ ਗਏ ਤੇ ਉਨ੍ਹਾਂ ਏਜੰਸੀ ਦੀ ਕਾਰਵਾਈ ਦਾ ਵਿਰੋਧ ਕੀਤਾ। ਪਾਰਟੀ ਵਰਕਰਾਂ ਨੇ ਭਗਵਾ ਰੰਗ ਦੇ ਝੰਡੇ ਤੇ ਬੈਨਰ ਲੈ ਕੇ ਏਜੰਸੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰਾਊਤ ਨੇ ਘਰ ਦੀ ਖਿੜਕੀ ਤੋਂ ਆਪਣੇ ਸਮਰਥਕਾਂ ਵੱਲ ਹੱਥ ਵੀ ਹਿਲਾਇਆ। ਸੈਨਾ ਵਰਕਰਾਂ ਨੇ ਈਡੀ ਦੇ ਵਾਹਨਾਂ ਦਾ ਰਾਹ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਸਥਾਨਕ ਪੁਲੀਸ ਨੇ ਉਨ੍ਹਾਂ ਨੂੰ ਹਟਾ ਦਿੱਤਾ। ਸੰਜੈ ਰਾਊਤ ਦੇ ਛੋਟੇ ਭਰਾ ਤੇ ਵਿਧਾਇਕ ਸੁਨੀਲ ਰਾਊਤ ਇਸ ਸਮੇਂ ਪੁਲੀਸ ਨਾਲ ਬਹਿਸਦੇ ਦਿਖਾਈ ਦਿੱਤੇ। ਸੁਨੀਲ ਰਾਊਤ ਨੇ ਦਾਅਵਾ ਕੀਤਾ ਕਿ ਈਡੀ ਨੂੰ ਪਾਤਰਾ ਚਾਲ ਕੇਸ ’ਚ ਸੰਜੈ ਰਾਊਤ ਖ਼ਿਲਾਫ਼ ਕੋਈ ਵੀ ਸਬੂਤ ਨਹੀਂ ਮਿਲਿਆ ਹੈ। ਦੂਜੇ ਪਾਸੇ ਦੱਖਣੀ ਮੁੰਬਈ ਦੇ ਬਲਾਰਡ ਅਸਟੇਟ ਇਲਾਕੇ ’ਚ ਸਥਿਤ ਈਡੀ ਦੇ ਦਫਤਰ ਅੱਗੇ ਵੱਡੀ ਗਿਣਤੀ ’ਚ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਦੇ ਦਫ਼ਤਰ ਨੂੰ ਜਾਂਦੇ ਰਾਹੇ ਰਾਹ ਵਾਹਨਾਂ ਲਈ ਬੰਦ ਕਰ ਦਿੱਤੇ ਗਏ ਹਨ ਤੇ ਬੈਰੀਕੇਡ ਲਗਾਏ ਗਏ ਹਨ। -ਪੀਟੀਆਈ
ਈਡੀ ਵਾਰ-ਵਾਰ ਸੰਜੈ ਰਾਊਤ ਦੀ ਜਾਂਚ ਕਿਉਂ ਚਾਹੁੰਦੀ ਹੈ: ਅਜੀਤ ਪਵਾਰ
ਮੁੰਬਈ: ਮਹਾਰਾਸ਼ਟਰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਅਜੀਤ ਪਵਾਰ ਨੇ ਅੱਜ ਇਸ ਗੱਲ ’ਤੇ ਹੈਰਾਨੀ ਜ਼ਾਹਿਰ ਕੀਤੀ ਕਿ ਈਡੀ ਸ਼ਿਵ ਸੈਨਾ ਆਗੂ ਸੰਜੈ ਰਾਊਤ ਖ਼ਿਲਾਫ਼ ਵਾਰ-ਵਾਰ ਜਾਂਚ ਕਿਉਂ ਕਰਨਾ ਚਾਹੁੰਦੀ ਹੈ। ਕਾਂਗਰਸ ਦੇ ਬੁਲਾਰੇ ਸਚਿਨ ਸਾਵੰਤ ਨੇ ਕਿਹਾ ਕਿ ਈਡੀ ਵੱਲੋਂ ਸੰਜੈ ਰਾਊਤ ਦੀ ਰਿਹਾਇਸ਼ ’ਤੇ ਮਾਰਿਆ ਗਿਆ ਛਾਪਾ ਲੋਕਤੰਤਰ ਲਈ ਬੁਰਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਆਪਣੀਆਂ ਸਾਰੀਆ ਵਿਰੋਧੀ ਪਾਰਟੀਆਂ ਨੂੰ ਚੁੱਪ ਕਰਵਾਉਣਾ ਚਾਹੁੰਦੀ ਹੈ। ਐੱਨਸੀਪੀ ਦੀ ਸੰਸਦ ਮੈਂਬਰ ਸੁਪ੍ਰਿਆ ਸੂਲੇ ਨੇ ਕਿਹਾ ਕਿ ਉਹ ਇਹ ਮਸਲਾ ਸੰਸਦ ’ਚ ਉਠਾਉਣਗੇ। -ਪੀਟੀਆਈ
ਪਾਰਟੀ ਨੂੰ ਖਤਮ ਕਰਨ ਦੀ ਹੋ ਰਹੀ ਹੈ ਕੋਸ਼ਿਸ਼: ਊਧਵ
ਮੁੰਬਈ: ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ ਅੱਜ ਦੋਸ਼ ਲਾਇਆ ਕਿ ਕੇਂਦਰੀ ਏਜੰਸੀ ਦੀ ਮੌਜੂਦਾ ਕਾਰਵਾਈ ਉਨ੍ਹਾਂ ਦੀ ਪਾਰਟੀ ਨੂੰ ਖਤਮ ਕਰਨ ਦੀ ਸਾਜ਼ਿਸ਼ ਦਾ ਇੱਕ ਹਿੱਸਾ ਹੈ। ਉਨ੍ਹਾਂ ਥਾਣੇ ਜ਼ਿਲ੍ਹੇ ਵਿਚਲੀ ਆਪਣੀ ਰਿਹਾਇਸ਼ ਮਾਤੋਸ਼ਰੀ ’ਚ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਇਹ ਕੀ ਸਾਜ਼ਿਸ਼ ਹੈ? ਸ਼ਿਵ ਸੈਨਾ ਨੇ ਹਿੰਦੂਆਂ ਤੇ ਮਰਾਠੀ ਲੋਕਾਂ ਨੂੰ ਮਜ਼ਬੂਤ ਕੀਤਾ ਅਤੇ ਹੁਣ ਪਾਰਟੀ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।’ ਠਾਕਰੇ ਨੇ ਕਿਹਾ ਕਿ ਸ਼ਿਵ ਸੈਨਾ ਨੇ ਜਿਨ੍ਹਾਂ ਲੋਕਾਂ ਨੂੰ ਸਿਆਸੀ ਤੌਰ ’ਤੇ ਅੱਗੇ ਵਧਣ ’ਚ ਮਦਦ ਕੀਤੀ, ਉਹ ਹੁਣ ਪਾਲਾ ਬਦਲ ਰਹੇ ਹਨ। ਉਨ੍ਹਾਂ ਕਿਹਾ, ‘ਅਰਜੁਨ ਖੋਟਕਰ (ਬਾਗੀ ਧੜੇ ’ਚ ਸ਼ਾਮਲ ਹੋਣ ਵਾਲੇ ਸਾਬਕਾ ਮੰਤਰੀ) ਨੇ ਘੱਟੋ-ਘੱਟ ਇਹ ਤਾਂ ਮੰਨਿਆ ਕਿ ਉਹ ਦਬਾਅ ’ਚ ਆ ਕੇ ਬਗਾਵਤ ਕੀਤੀ ਸੀ।’ -ਪੀਟੀਆਈ
ਰਾਊਤ ਬੇਕਸੂਰ ਨੇ ਤਾਂ ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ: ਸ਼ਿੰਦੇ
ਮੁੰਬਈ: ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅੱਜ ਕਿਹਾ ਕਿ ਜੇਕਰ ਸ਼ਿਵ ਸੈਨਾ ਆਗੂ ਸੰਜੈ ਰਾਊਤ ਬੇਕਸੂਰ ਹਨ ਤਾਂ ਆਪਣੇ ਖ਼ਿਲਾਫ਼ ਈਡੀ ਦੀ ਕਾਰਵਾਈ ਤੋਂ ਉਨ੍ਹਾਂ ਨੂੰ ਡਰਨਾ ਨਹੀਂ ਚਾਹੀਦਾ। ਸ਼ਿੰਦੇ ਨੇ ਔਰੰਗਾਬਾਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਰਾਊਤ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਕੁਝ ਵੀ ਗਲਤ ਨਹੀਂ ਕੀਤਾ ਹੈ। ਜੇਕਰ ਅਜਿਹਾ ਹੈ ਤਾਂ ਜਾਂਚ ਤੋਂ ਡਰ ਕਿਉਂ ਰਹੇ ਹਨ? ਜਾਂਚ ਹੋਣ ਦਿਓ। ਜੇਕਰ ਬੇਕਸੂਰ ਹਨ ਤਾਂ ਕਿਸ ਗੱਲ ਦਾ ਡਰ ਹੈ? ਹਾਲਾਤ ਤੋਂ ਮਜਬੂਰ ਹੋ ਕੇ ਸ਼ਿਵ ਸੈਨਾ ਦੇ ਬਾਗੀ ਧੜੇ ’ਚ ਸ਼ਾਮਲ ਹੋਣ ਸਬੰਧੀ ਪਾਰਟੀ ਦੇ ਨੇਤਾ ਅਰਜੁਨ ਖੋਤਕਰ ਦੇ ਬਿਆਨ ਬਾਰੇ ਉਨ੍ਹਾਂ ਕਿਹਾ, ‘ਕੀ ਅਸੀਂ ਉਨ੍ਹਾਂ ਨੂੰ ਸੱਦਾ ਦਿੱਤਾ ਸੀ? ਈਡੀ ਦੇ ਡਰੋਂ ਜਾ ਕਿਸੇ ਹੋਰ ਦਬਾਅ ਕਾਰਨ ਸਾਡੇ ਜਾਂ ਭਾਜਪਾ ਕੋਲ ਨਾ ਆਓ।’
ਨਾ ਝੁਕਾਂਗਾ ਨਾ ਪਾਰਟੀ ਛੱਡਾਂਗਾ: ਸੰਜੈ ਰਾਊਤ
ਮੁੰਬਈ: ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਈਡੀ ਵੱਲੋਂ ਉਨ੍ਹਾਂ ਨੂੰ ਹਿਰਾਸਤ ’ਚ ਲਏ ਜਾਣ ਮਗਰੋਂ ਕਿਹਾ ਕਿ ਉਹ ਨਾ ਤਾਂ ਝੁਕਣਗੇ ਤੇ ਨਾ ਹੀ ਪਾਰਟੀ ਛੱਡਣਗੇ। ਈਡੀ ਨੇ ਅੱਜ ਉਨ੍ਹਾਂ ਦੀ ਦੱਖਣੀ ਮੁੰਬਈ ਸਥਿਤ ਰਿਹਾਇਸ਼ ’ਤੇ ਛਾਪਾ ਮਾਰਿਆ ਤੇ ਕਈ ਘੰਟੇ ਦੀ ਕਾਰਵਾਈ ਮਗਰੋਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਹਿਰਾਸਤ ਵਿੱਚ ਲਏ ਜਾਣ ਮਗਰੋਂ ਈਡੀ ਦੇ ਦਫ਼ਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਊਤ ਨੇ ਕਿਹਾ, ‘ਉਹ (ਈਡੀ) ਮੈਨੂੰ ਗ੍ਰਿਫ਼ਤਾਰ ਕਰਨ ਜਾ ਰਹੇ ਹਨ। ਮੈਂ ਗ੍ਰਿਫ਼ਤਾਰ ਹੋਣ ਜਾ ਰਿਹਾ ਹਾਂ।’ ਉਨ੍ਹਾਂ ਕਿਹਾ ਕਿ ਉਹ ਝੁਕਣਗੇ ਨਹੀਂ। ਈਡੀ ਵੱਲੋਂ ਛਾਪਾ ਮਾਰੇ ਜਾਣ ਮਗਰੋਂ ਰਾਊਤ ਨੇ ਕਿਹਾ ਕਿ ਉਨ੍ਹਾਂ ਕੁਝ ਵੀ ਗਲਤ ਨਹੀਂ ਕੀਤਾ ਤੇ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਟਵੀਟ ਕੀਤਾ, ‘ਮੈਂ ਮਰਹੂਮ ਬਾਲਾਸਾਹੇਬ ਠਾਕਰੇ ਦੀ ਸਹੁੰ ਖਾਂਦਾ ਹਾਂ ਕਿ ਮੈਂ ਕੋਈ ਘੁਟਾਲਾ ਨਹੀਂ ਕੀਤਾ। ਮੈਂ ਮਰ ਜਾਵਾਂਗਾ ਪਰ ਸ਼ਿਵ ਸੈਨਾ ਨਹੀਂ ਛੱਡਾਂਗਾ।’ ਇਸ ਤੋਂ ਪਹਿਲਾਂ ਸੰਜੈ ਰਾਊਤ ਨੇ ਕਿਹਾ ਕਿ ਬਾਗੀ ਵਿਧਾਇਕਾਂ ਨੂੰ ਇਹ ਇਮਾਨਦਾਰੀ ਨਾਲ ਸਵੀਕਾਰ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਕੇਂਦਰੀ ਜਾਂਚ ਏਜੰਸੀਆਂ ਤੋਂ ਖੁਦ ਨੂੰ ਬਚਾਉਣ ਲਈ ਪਾਰਟੀ ਲੀਡਰਸ਼ਿਪ ਖ਼ਿਲਾਫ਼ ਬਗਾਵਤ ਕੀਤੀ ਸੀ। ਰਾਊਤ ਨੇ ਪਾਰਟੀ ਦੇ ਮੁੱਖ ਪੱਤਰ ‘ਸਾਮਨਾ’ ਵਿੱਚ ਪ੍ਰਕਾਸ਼ਿਤ ਹਫ਼ਤਾਵਾਰੀ ਲੇਖ ‘ਰੋਕਠੋਕ’ ’ਚ ਕਿਹਾ, ‘ਬਾਗੀ ਧੜੇ ਨੂੰ ਇਹ ਕਹਿਣਾ ਬੰਦ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਇਸ ਲਈ ਪਾਲਾ ਬਦਲਿਆ ਕਿਉਂਕਿ ਸ਼ਿਵ ਸੈਨਾ ਨੇ ਹਿੰਦੂਤਵ ਨੂੰ ਛੱਡ ਦਿੱਤਾ ਸੀ। ਹਿੰਦੂਤਵ ਨੂੰ ਬੇਵਜ੍ਹਾ ਬਦਨਾਮ ਕਿਉਂ ਕਰ ਰਹੇ ਹੋ?’ -ਪੀਟੀਆਈ