ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਕਿਹਾ ਕਿ ਉਸ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨਾਲ ਸਬੰਧਤ ਕੰਪਨੀਆਂ ਦੇ ਹੀਰਿਆਂ, ਗਹਿਣਿਆਂ ਅਤੇ ਬੈਂਕ ਜਮ੍ਹਾਂ ਰਾਸ਼ੀਆਂ ਸਮੇਤ ਕੁੱਲ 253 ਕਰੋੜ ਰੁਪਏ ਮੁੱਲ ਦੀਆਂ ਸੰਪਤੀਆਂ ਜ਼ਬਤ ਕੀਤੀਆਂ ਹਨ। ਜਾਂਚ ਏਜੰਸੀ ਨੇ ਇਕ ਬਿਆਨ ਵਿੱਚ ਕਿਹਾ ਕਿ ਇਹ ਸਾਰੀਆਂ ਚੱਲ ਸੰਪਤੀਆਂ ਹਾਂਗਕਾਂਗ ਵਿੱਚ ਹਨ ਅਤੇ ਕਾਲੇ ਧਨ ਨੂੰ ਸਫੈਦ ਕਰਨ ਸਬੰਧੀ ਮਾਮਲੇ ਦੀ ਜਾਂਚ ਤਹਿਤ ਇਹ ਸੰਪਤੀਆਂ ਜ਼ਬਤ ਕੀਤੀਆਂ ਗਈਆਂ ਹਨ। ਬਿਆਨ ਅਨੁਸਾਰ, ਹਾਂਗਕਾਂਗ ਵਿੱਚ ਨੀਰਵ ਮੋਦੀ ਸਮੂਹ ਦੀਆਂ ਕੰਪਨੀਆਂ ਦੀਆਂ ਕੁਝ ਸੰਪਤੀਆਂ ਦੀ ਪਛਾਣ ਹੀਰਿਆਂ ਤੇ ਗਹਿਣਿਆਂ ਦੇ ਰੂਪ ਵਿੱਚ ਕੀਤੀ ਗਈ ਹੈ ਜੋ ਨਿੱਜੀ ਵਾਲਟ ਵਿੱਚ ਰੱਖੇ ਹੋਏ ਹਨ। ਨਾਲ ਹੀ, ਉੱਥੇ ਬੈਂਕ ਖਾਤਿਆਂ ਵਿੱਚ ਰੱਖੀ ਹੋਈ ਰਕਮ ਬਾਰੇ ਵੀ ਪਤਾ ਲੱਗਾ। ਇਨ੍ਹਾਂ ਨੂੰ ਕਾਲੇ ਧਨ ਨੂੰ ਸਫ਼ੈਦ ਕਰਨ ਤੋਂ ਰੋਕਣ ਸਬੰਧੀ ਐਕਟ (ਪੀਐੱਮਐੱਲਏ) ਦੇ ਪ੍ਰਬੰਧਾਂ ਤਹਿਤ ਅਸਥਾਈ ਤੌਰ ’ਤੇ ਜ਼ਬਤ ਕਰ ਲਿਆ ਗਿਆ ਹੈ। ਨੀਰਵ ਮੋਦੀ (50) ਇਸ ਵੇਲੇ ਬਰਤਾਨੀਆ ਦੀ ਇਕ ਜੇਲ੍ਹ ਵਿੱਚ ਬੰਦ ਹੈ। ਉਹ ਦੋ ਅਰਬ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਮਾਮਲੇ ਵਿੱਚ ਮੁੱਖ ਮੁਲਜ਼ਮ ਹੈ। ਮਾਮਲੇ ਦੀ ਜਾਂਚ ਸੀਬੀਆਈ ਕਰ ਰਹੀ ਹੈ। -ਪੀਟੀਆਈ