ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 12 ਜਨਵਰੀ
ਸਿੰਘੂ ਹੱਦ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਇੱਥੋਂ ਕਬਾੜ ਚੁਗਣ ਵਾਲੇ ਪਰਿਵਾਰਾਂ ਦੇ ਰੁਜ਼ਗਾਰ ਵਿੱਚ ਵਾਧਾ ਹੋਇਆ ਹੈ। ਕੂੜੇ ਵਿੱਚੋਂ ਪਲਾਸਟਿਕ ਦੀਆਂ ਬੋਤਲਾਂ ਤੇ ਹੋਰ ਕਬਾੜ ਇਕੱਠਾ ਕਰ ਕੇ ਗੁਜ਼ਾਰਾ ਕਰਨ ਵਾਲੀ ਵਿਧਵਾ ਸੁਸ਼ਮਾ ਨੇ ਦੱਸਿਆ ਕਿ ਜਦੋਂ ਤੋਂ ਕਿਸਾਨ ਮੋਰਚਾ ਸ਼ੁਰੂ ਹੋਇਆ ਹੈ, ਉਦੋਂ ਤੋਂ ਉਨ੍ਹਾਂ ਦੇ ਪਰਿਵਾਰ ਦੀ ਆਮਦਨੀ ਕੁਝ ਵਧੀ ਹੈ। ਉਸ ਨੇ ਦੱਸਿਆ ਕਿ ਆਪਣੀਆਂ ਤਿੰਨ ਧੀਆਂ ਤੇ ਇੱਕ ਪੁੱਤਰ ਤੇ ਨਣਾਨ ਸਮੇਤ ਉਹ ਸਾਰਾ ਦਿਨ ਮੋਰਚੇ ਵਾਲੀ ਥਾਂ ਤੋਂ ਪਲਾਸਟਿਕ ਦੀਆਂ ਬੋਤਲਾਂ ਇਕੱਠੀਆਂ ਕਰਦੀ ਰਹਿੰਦੀ ਹੈ।
ਇਸ ਤੋਂ ਇਲਾਵਾ ਮੋਟੇ ਗੱਤੇ ਦੇ ਬਕਸੇ ਵੀ ਉਨ੍ਹਾਂ ਨੂੰ ਮਿਲ ਜਾਂਦੇ ਹਨ। ਉਸ ਨੇ ਦੱਸਿਆ ਕਿ 5 ਤੋਂ 7 ਰੁਪਏ ਕਿੱਲੋ ਵਿੱਚ ਪਲਾਸਟਿਕ ਦੀਆਂ ਖਾਲੀ ਬੋਤਲਾਂ ਵਿਕ ਜਾਂਦੀਆਂ ਹਨ।
ਕਿਸਾਨਾਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਸਿੰਘੂ ਤੇ ਬਾਕੀ ਹੱਦਾਂ ਉੱਪਰ ਦਾਨੀ ਸੱਜਣਾਂ ਵੱਲੋਂ ਜਾਂ ਕਿਸਾਨ ਯੂਨੀਅਨਾਂ ਸਮੇਤ ਸੰਯੁਕਤ ਮੋਰਚੇ ਵੱਲੋਂ ਕੀਤਾ ਹੋਇਆ ਹੈ।
ਪੀਣ ਵਾਲੇ ਪਾਣੀ ਦਾ ਮੁੱਖ ਸਰੋਤ ਇੱਥੇ ‘ਬੋਤਲ ਬੰਦ ਪਾਣੀ’ ਹੀ ਹੈ, ਜਿਸ ਦੇ ਕੈਂਟਰ ਭਰ ਕੇ ਵੱਖ-ਵੱਖ ਦਾਨੀਆਂ ਜਾਂ ਕਿਸਾਨਾਂ ਵੱਲੋਂ ਖ਼ੁਦ ਸਪਲਾਈ ਕੀਤੀ ਗਈ ਹੈ। ਇੱਥੇ ਲੱਸੀ ਪਿਲਾਉਣ ਲਈ ‘ਇੱਕੋ ਵਾਰ ਇਸਤੇਮਾਲ’ ਹੋਣ ਵਾਲੇ ਪਲਾਸਟਿਕ ਦੇ ਗਿਲਾਸ ਵਰਤੇ ਜਾਂਦੇ ਹਨ।
ਮਗਰੋਂ ਇਹ ਜੂਠੇ ਗਿਲਾਸ ਕੂੜਾ ਚੁਗਣ ਵਾਲੇ ਇਕੱਠੇ ਕਰ ਲੈਂਦੇ ਹਨ ਜਾਂ ਸੇਵਾਦਾਰ ਇੱਕ ਥਾਂ ਇਕੱਠੇ ਕਰ ਦਿੰਦੇ ਹਨ। ਸੁਸ਼ਮਾ ਨੇ ਦੱਸਿਆ ਕਿ ਸਵਾ ਮਹੀਨੇ ਤੋਂ ਉਸ ਦੀ ਕਮਾਈ ਵਧੀ ਹੈ ਤੇ ਹਫ਼ਤੇ ਬਾਅਦ ਉਹ ਪਲਾਸਟਿਕ ਦੀਆਂ ਬੋਤਲਾਂ ਤੇ ਗਿਲਾਸ ਕਬਾੜ ’ਚ ਵੇਚ ਦਿੰਦੀ ਹੈ।