ਮੁੰਬਈ, 14 ਜਨਵਰੀ
ਨਾਰਕੋਟਿਕਸ ਕੰਟਰੋਲ ਬਿਉਰੋ (ਐੱਨਸੀਬੀ) ਨੇ ਮਹਾਰਾਸ਼ਟਰ ’ਚ ਐੱਨਸੀਪੀ ਮੰਤਰੀ ਨਵਾਬ ਮਲਿਕ ਦੇ ਜਵਾਈ ਸਮੀਰ ਖ਼ਾਨ ਦੀ ਰਿਹਾਇਸ਼ ’ਤੇ ਛਾਪਾ ਮਾਰਿਆ। ਮੁੰਬਈ ਦੀ ਅਦਾਲਤ ਨੇ ਸਮੀਰ ਨੂੰ 18 ਜਨਵਰੀ ਤੱਕ ਲਈ ਐੱਨਸੀਬੀ ਦੀ ਹਿਰਾਸਤ ’ਚ ਭੇਜਿਆ ਹੈ। ਸਮੀਰ ਖ਼ਾਨ ਨੂੰ ਐੱਨਸੀਬੀ ਨੇ ਬੁੱਧਵਾਰ ਨੂੰ ਡਰੱਗਜ਼ ਕੇਸ ’ਚ ਗ੍ਰਿਫ਼ਤਾਰ ਕੀਤਾ ਸੀ ਜਿਸ ’ਚ ਬ੍ਰਿਟਿਸ਼ ਨਾਗਰਿਕ ਕਰਨ ਸਜਨਾਨੀ ਸਮੇਤ ਤਿੰਨ ਵਿਅਕਤੀਆਂ ਨੂੰ 200 ਕਿਲੋ ਨਸ਼ੇ ਨਾਲ ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਐੱਨਸੀਬੀ ਨੂੰ ਸਮੀਰ ਖ਼ਾਨ ਦੇ ਬਾਂਦਰਾ ਸਥਿਤ ਘਰ ਤੋਂ ਕੁਝ ਵੀ ਬਰਾਮਦ ਨਹੀਂ ਹੋਇਆ ਹੈ। ਟੀਮ ਨੇ ਜੂਹੂ ਇਲਾਕੇ ’ਚ ਵੀ ਤਲਾਸ਼ੀ ਮੁਹਿੰਮ ਚਲਾਈ ਸੀ। ਐੱਨਸੀਪੀ ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਹੈ ਕਿ ਲੋਕਾਂ ਨੂੰ ਜਾਂਚ ਏਜੰਸੀ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮਲਿਕ ਖ਼ਿਲਾਫ਼ ਕੋਈ ਨਿੱਜੀ ਦੋਸ਼ ਨਹੀਂ ਹੈ। ਮੰਤਰੀ ਨਵਾਬ ਮਲਿਕ ਨੇ ਟਵੀਟ ਕਰਕੇ ਕਿਹਾ ਕਿ ਕਾਨੂੰਨ ਤੋਂ ਉਪਰ ਕੋਈ ਵੀ ਨਹੀਂ ਹੈ ਅਤੇ ਇਹ ਹਰ ਕਿਸੇ ’ਤੇ ਲਾਗੂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ ਅਤੇ ਨਿਆਂ ਦੀ ਜਿੱਤ ਹੋਵੇਗੀ। ਸਮੀਰ ਖ਼ਾਨ ਨੂੰ ਕਈ ਘੰਟਿਆਂ ਦੀ ਪੁੱਛ-ਗਿੱਛ ਮਗਰੋਂ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੂਤਰਾਂ ਨੇ ਕਿਹਾ ਕਿ ਡਰੱਗਜ਼ ਕੇਸ ਦੇ ਇਕ ਮੁਲਜ਼ਮ ਅਤੇ ਉਸ ਵਿਚਕਾਰ 20 ਹਜ਼ਾਰ ਰੁਪਏ ਦੇ ਆਨਲਾਈਨ ਲੈਣ-ਦੇਣ ਦੀ ਜਾਣਕਾਰੀ ਮਿਲਣ ਮਗਰੋਂ ਸਮੀਰ ਨੂੰ ਤਲਬ ਕੀਤਾ ਗਿਆ ਸੀ। -ਪੀਟੀਆਈ