ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਕੇਅਰਜ਼ ਫੰਡ ਤੋਂ ਰਾਸ਼ੀ ਜਾਰੀ ਹੋਣ ਦੇ ਅਗਲੇ ਤਿੰਨ ਮਹੀਨਿਆਂ ਦੇ ਅੰਦਰ ਰੱਖਿਆ ਖੋਜ ਤੇ ਵਿਕਾਸ ਸੰਸਥਾ (ਡੀਆਰਡੀਓ) ਵੱਲੋਂ ਮੈਡੀਕਲ ਆਕਸੀਜਨ ਦੇ 500 ਪਲਾਂਟ ਸਥਾਪਤ ਕੀਤੇ ਜਾਣਗੇ। ਮੰਤੀ ਨੇ ਟਵਿੱਟਰ ’ਤੇ ਕਿਹਾ, ‘‘ਉਡਾਨ ਵੇਲੇ ਹਲਕੇ ਜੰਗੀ ਜਹਾਜ਼ ਤੇਜਸ ’ਤੇ ਆਕਸੀਜਨ ਉਤਪਾਦਨ ਲਈ ਡੀਆਰਡੀਓ ਵੱਲੋਂ ਵਿਕਸਤ ਕੀਤੀ ਗਈ ਮੈਡੀਕਲ ਆਕਸੀਜਨ ਪਲਾਂਟ ਤਕਨੀਕ ਨਾਲ ਹੁਣ ਕੋਵਿਡ-19 ਦੇ ਮਰੀਜ਼ਾਂ ਨਾਲ ਸਬੰਧਤ ਮੌਜੂਦਾ ਆਕਸੀਜਨ ਸੰਕਟ ਦਾ ਮੁਕਾਬਲਾ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਮੈਡੀਕਲ ਆਕਸੀਜਨ ਪਲਾਂਟ ਤਕਨਾਲੋਜੀ ਇਸਤੇਮਾਲ ਕਰਨ ਲਈ ਡੀਆਰਡੀਓ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਕਨਾਲੋਜੀ ਦੀ ਮਦਦ ਨਾਲ ਅੱਜ ਦੇ ਸਮੇਂ ਵਿਚ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਅਤਿ ਲੋੜੀਂਦੀ ਜੀਵਨ ਰੱਖਿਅਕ ਗੈਸ ਆਕਸੀਜਨ ਦਾ ਉਤਪਾਦਨ ਕੀਤਾ ਜਾ ਸਕੇਗਾ, ਜਿਸ ਨਾਲ ਮੌਜੂਦਾ ਹਾਲਾਤ ਵਿਚੋਂ ਨਿਕਲਣ ’ਚ ਮਦਦ ਮਿਲੇਗੀ।’’ -ਪੀਟੀਆਈ