ਨਵੀਂ ਦਿੱਲੀ, 24 ਜੁਲਾਈ
ਨਵੀਂ ਚੁਣੀ ਗਈ ਰਾਸ਼ਟਰਪਤੀ ਦਰੋਪਦੀ ਮੁਰਮੂ 25 ਜੁਲਾਈ ਨੂੰ ਦੇਸ਼ ਦੇ ਸਰਵਉੱਚ ਸੰਵਿਧਾਨਕ ਅਹੁਦੇ ਲਈ ਸਹੁੰ ਚੁੱਕਣਗੇ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਸਮਾਗਮ ਸੋਮਵਾਰ ਸਵੇਰੇ 10.15 ਵਜੇ ਸੰਸਦ ਦੇ ਕੇਂਦਰੀ ਹਾਲ ਵਿੱਚ ਹੋਵੇਗਾ, ਜਿੱਥੇ ਚੀਫ਼ ਜਸਟਿਸ ਐੱਨਵੀ ਰਾਮੰਨਾ ਉਨ੍ਹਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁਕਾਉਣਗੇ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ ਅਤੇ ਫਿਰ ਰਾਸ਼ਟਰਪਤੀ ਦਾ ਭਾਸ਼ਣ ਹੋਵੇਗਾ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਅਹੁਦਾ ਛੱਡ ਰਹੇ ਰਾਸ਼ਟਰਪਤੀ ਅਤੇ ਨਵੇਂ ਚੁਣੇ ਰਾਸ਼ਟਰਪਤੀ ਪਾਰਲੀਮੈਂਟ ਪਹੁੰਚਣਗੇ। ਉਪ ਰਾਸ਼ਟਰਪਤੀ ਅਤੇ ਰਾਜ ਸਭਾ ਸਪੀਕਰ ਐੱਮ. ਵੈਂਕੱਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ, ਕੈਬਨਿਟ ਮੈਂਬਰ, ਰਾਜਪਾਲ, ਮੁੱਖ ਮੰਤਰੀ ਰਣਨੀਤਕ ਮਿਸ਼ਨਾਂ ਦੇ ਮੁਖੀ, ਸੰਸਦ ਮੈਂਬਰ ਅਤੇ ਸਰਕਾਰ ਦੇ ਮੁੱਖ ਸਿਵਲ ਤੇ ਫੌਜੀ ਅਧਿਕਾਰੀ ਸਮਾਗਮ ਵਿੱਚ ਸ਼ਾਮਲ ਹੋਣਗੇ। -ਪੀਟੀਆਈ
10ਵੀਂ ਰਾਸ਼ਟਰਪਤੀ ਹੋਵੇਗੀ ਮੁਰਮੂ
ਨਵੀਂ ਦਿੱਲੀ: ਦਰੋਪਦੀ ਮੁਰਮੂ 25 ਜੁਲਾਈ ਨੂੰ ਸਹੁੰ ਚੁੱਕਣ ਵਾਲੀ ਦੇਸ਼ ਦੀ 10ਵੇਂ ਰਾਸ਼ਟਰਪਤੀ ਹੋਵੇਗੀ। ਰਿਕਾਰਡ ਮੁਤਾਬਕ ਸਾਲ 1977 ਤੋਂ ਲਗਾਤਾਰ ਰਾਸ਼ਟਰਪਤੀਆਂ ਨੇ 25 ਜੁਲਾਈ ਨੂੰ ਹੀ ਹਲਫ਼ ਲਿਆ ਹੈ। ਭਾਰਤ ਦੇ ਪਹਿਲੇ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਨੇ 26 ਜਨਵਰੀ 1950 ਨੂੰ ਸਹੁੰ ਚੁੱਕੀ ਸੀ ਜਦਕਿ ਸਰਵਪੱਲੀ ਰਾਧਾਕ੍ਰਿਸ਼ਨਨ ਨੇ 13 ਮਈ 1962 ਨੂੰ ਅਹੁਦੇ ਦਾ ਹਲਫ਼ ਲਿਆ ਸੀ। ਦੋ ਰਾਸ਼ਟਰਪਤੀ ਜ਼ਾਕਿਰ ਹੁਸੈਨ ਅਤੇ ਫਖਰੂਦੀਨ ਅਲੀ ਅਹਿਮਦ ਦੇਹਾਂਤ ਹੋਣ ਕਾਰਨ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇ ਸਨ। ਭਾਰਤ ਦੇ ਛੇਵੇਂ ਰਾਸ਼ਟਰਪਤੀ ਨੀਲਮ ਸੰਜੀਵ ਰੈੱਡੀ ਨੇ 25 ਜੁਲਾਈ 1977 ਨੂੰ ਅਹੁਦੇ ਦੀ ਸਹੁੰ ਚੁੱਕੀ ਸੀ। ਉਸ ਤੋਂ ਬਾਅਦ ਗਿਆਨੀ ਜ਼ੈਲ ਸਿੰਘ, ਆਰ. ਵੈਂਕਟਰਾਮਨ, ਸ਼ੰਕਰ ਦਿਆਲ ਸ਼ਰਮਾ, ਕੇ.ਆਰ. ਨਾਰਾਇਣਨ, ਏ.ਪੀ.ਜੇ. ਅਬਦੁਲ ਕਲਾਮ, ਪ੍ਰਤਿਭਾ ਪਾਟਿਲ, ਪ੍ਰਣਬ ਮੁਖਰਜੀ ਅਤੇ ਰਾਮਨਾਥ ਕੋਵਿੰਦ ਨੇ 25 ਜੁਲਾਈ ਨੂੰ ਸਹੁੰ ਚੁੱਕੀ ਸੀ।