ਬੰਗਲੁਰੂ: ਕਰਨਾਟਕ ਦੀ ਰਾਜਧਾਨੀ ਬੰਗਲੁਰੂ ਦੇ ਕੋਰਾਮੰਗਲਾ ’ਚ ਬੀਤੀ ਰਾਤ ਤੇਜ਼ ਰਫ਼ਤਾਰ ਐੱਸਯੂਵੀ ਕਾਰ ਕੰਧ ਨਾਲ ਟਕਰਾ ਕੇ ਪਲਟ ਗਈ। ਕਾਰ ਵਿੱਚ ਸਵਾਰ ਤਾਮਿਲਨਾਡੂ ਵਿਧਾਨ ਸਭਾ ’ਚ ਡੀਐੱਮਕੇ ਦੇ ਵਿਧਾਇਕ ਦੇ ਪੁੱਤਰ ਸਣੇ ਸੱਤ ਜਣਿਆਂ ਦੀ ਮੌਤ ਹੋ ਗਈ। ਬੰਗਲੁਰੂ ਪੁਲੀਸ ਦੇ ਪੂਰਬੀ ਡਿਵੀਜ਼ਨ (ਟਰੈਫਿਕ) ਦੇ ਡਿਪਟੀ ਕਮਿਸ਼ਨਰ ਕੇਐੱਮ ਸ਼ਾਂਤਾਰਾਜੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸਾ ਤੜਕਸਾਰ 2 ਵਜੇ ਵਾਪਰਿਆ, ਜਿਸ ਵਿੱਚ ਤਿੰਨ ਔਰਤਾਂ ਸਣੇ ਸੱਤ ਜਣਿਆਂ ਦੀ ਮੌਤ ਹੋ ਗਈ। ਪੁਲੀਸ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਤਾਮਿਲਨਾਡੂ ਦੇ ਹੋਸੂਰ ਤੋਂ ਵਿਧਾਇਕ ਵਾਈ ਪ੍ਰਕਾਸ਼ ਦੇ ਇਕਲੌਤੇ ਪੁੱਤਰ ਵਾਈ ਕਰੂਣਾ ਸਾਗਰ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਅਤੇ ਡੀਐੱਮਕੇ ਦੇ ਪ੍ਰਧਾਨ ਐੱਮਕੇ ਸਟਾਲਿਨ ਨੇ ਇਸ ਹਾਦਸੇ ਵਿੱਚ ਪਾਰਟੀ ਵਿਧਾਇਕ ਦੇ ਪੁੱਤਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। -ਪੀਟੀਆਈ