ਨਵੀਂ ਦਿੱਲੀ, 8 ਜੁਲਾਈ
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਦਿਲੀਪ ਕੁਮਾਰ ਭਾਰਤੀ ਸਿਨੇਮਾ ਇਤਿਹਾਸ ਦੇ ਮਹਾਨ ਕਲਾਕਾਰਾਂ ਵਿੱਚੋਂ ਇੱਕ ਸਨ ਅਤੇ ਉਹ ਪੀੜੀਆਂ ਤੱਕ ਹਿੰਦੀ ਫ਼ਿਲਮ ਪ੍ਰੇਮੀਆਂ ਦੇ ਦਿਲਾਂ ਦੇ ‘ਰਾਜਕੁਮਾਰ’ ਰਹਿਣਗੇ। ਅੱਜ ਉਨ੍ਹਾਂ ਨੇੇ ਇਹ ਗੱਲ ਮਰਹੂਮ ਦਿਲੀਪ ਕੁਮਾਰ ਦੇ ਇੰਤਕਾਲ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੂੰ ਲਿਖੇ ਪੱਤਰ ’ਚ ਆਖੀ। ਦਿਲੀਪ ਕੁਮਾਰ (98) ਦਾ ਬੁੱਧਵਾਰ ਨੂੰ ਮੁੰਬਈ ਦੇ ਇੱਕ ਹਸਪਤਾਲ ’ਚ ਇੰਤਕਾਲ ਹੋ ਗਿਆ ਸੀ। ਸਾਬਕਾ ਪ੍ਰਧਾਨ ਮੰਤਰੀ ਨੇ ਸਾਇਰਾ ਬਾਨੋ ਨੂੰ ਲਿਖੇ ਪੱਤਰ ’ਚ ਕਿਹਾ, ‘ਕੁਮਾਰ, ਜੋ ਕਿ ‘ਟ੍ਰੈਜਡੀ ਕਿੰਗ’ ਅਤੇ ਅਤੇ ‘ਭਾਰਤੀ ਸਿਨੇਮਾ ਦੇ ਪਹਿਲੇ ਖ਼ਾਨ’ ਵਜੋਂ ਜਾਣੇ ਜਾਂਦੇ ਸਨ, ਦੇ ਸਿਰ ਭਾਰਤੀ ਸਿਨੇਮਾ ’ਚ ਅਦਾਕਾਰੀ ਦੀਆਂ ਵੱਖਰੀਆਂ ਤਕਨੀਕਾਂ ਲਿਆਉਣ ਦਾ ਸਿਹਰਾ ਬੱਝਦਾ ਹੈ।’ ਉਨ੍ਹਾਂ ਕਿਹਾ, ‘ਉਹ (ਕੁਮਾਰ) ਭਾਰਤੀ ਸਿਨੇਮਾ ਦੇ ਮਹਾਨਾਇਕ ਸਨ, ਜੋ ਪੀੜੀਆਂ ਤੱਕ ਹਿੰਦੀ ਸਿਨੇਮਾ ਪ੍ਰੇਮੀਆਂ ਦੇ ਮਨਾਂ ਦੇ ਰਾਜਕੁਮਾਰ ਬਣੇ ਰਹਿਣਗੇ। ਦਿਲੀਪ ਕੁਮਾਰ ਭਾਰਤੀ ਸਿਨੇਮਾ ਇਤਿਹਾਸ ਦੇ ਮਹਾਨ ਕਲਾਕਾਰਾਂ ਵਿੱਚੋਂ ਇੱਕ ਸਨ, ਜਿਨ੍ਹਾਂ ਦਾ ਨਾਂ ਸਭ ਤੋਂ ਵੱਧ ਐਵਾਰਡ ਜਿੱਤਣ ਭਾਰਤੀ ਅਦਾਕਾਰ ਵਜੋਂ ਗਿੰਨੀਜ਼ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਹੈ।’ -ਪੀਟੀਆਈ