ਆਸਨਸੋਲ, 17 ਅਪਰੈਲਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਦੋਸ਼ ਲਗਾਇਆ ਕਿ ਉਹ ਖ਼ੁਦ ਨੂੰ ਦੇਸ਼ ਦੇ ਸੰਵਿਧਾਨ ਤੋਂ ਉੱਪਰ ਸਮਝਦੀ ਹੈ ਅਤੇ ਦਾਅਵਾ ਕੀਤਾ ਕਿ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਨੇ ਕੇਂਦਰੀ ਬਲਾਂ ਤੇ ਸੈਨਾ ਤੱਕ ਨੂੰ ਬਦਨਾਮ ਕੀਤਾ ਅਤੇ ਸਿਆਸਤ ਲਈ ਝੂਠੇ ਦੋਸ਼ ਲਗਾਏ। ਇੱਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ 2 ਮਈ ਨੂੰ ਪੱਛਮੀ ਬੰਗਾਲ ਦੀ ਜਨਤਾ ਮਮਤਾ ਨੂੰ ‘ਸਾਬਕਾ ਮੁੱਖ ਮੰਤਰੀ’ ਦਾ ਪ੍ਰਮਾਣ ਪੱਤਰ ਦੇਣ ਵਾਲੀ ਹੈ। ਕੇਂਦਰੀ ਸਰਕਾਰ ਵੱਲੋਂ ਕਰੋਨਾਵਾਇਰਸ ਦੀ ਲਾਗ ਸਣੇ ਹੋਰ ਮੁੱਦਿਆਂ ’ਤੇ ਸੱਦੀਆਂ ਗਈਆਂ ਮੀਟਿੰਗਾਂ ਵਿਚ ਮਮਤਾ ਬੈਨਰਜੀ ਦੀ ਗੈਰ-ਹਾਜ਼ਰੀ ਨੂੰ ਮੁੱਦਾ ਬਣਾਉਂਦਿਆਂ ਸ੍ਰੀ ਮੋਦੀ ਨੇ ਦੋਸ਼ ਲਾਇਆ ਕਿ ‘ਦੀਦੀ’ ਆਪਣੇ ਹੰਕਾਰ ਵਿਚ ਐਨੀ ਵੱਡੀ ਹੋ ਗਈ ਹੈ ਕਿ ਉਸ ਨੂੰ ਆਪਣੇ ਅੱਗੇ ਹਰ ਕੋਈ ਛੋਟਾ ਦਿਖਦਾ ਹੈ। ਉਨ੍ਹਾਂ ਕਿਹਾ, ‘‘ਦੀਦੀ ਬੰਗਾਲ ਦੇ ਲੋਕਾਂ ਲਈ ਕੁਝ ਦੇਰ ਦਾ ਸਮਾਂ ਨਹੀਂ ਕੱਢ ਸਕਦੀ ਹੈ। ਇਹ ਉਸ ਨੂੰ ਸਮੇਂ ਦੀ ਬਰਬਾਦੀ ਲੱਗਦਾ ਹੈ।’’ ਉਨ੍ਹਾਂ ਕਿਹਾ ਕਿ ਮਮਤਾ ਦੀਆਂ ਅੱਖਾਂ ’ਤੇ ਹੰਕਾਰ ਦਾ ਪਰਦਾ ਚੜ੍ਹਿਆ ਹੋਇਆ ਹੈ। ਭਾਜਪਾ ਕਾਰਕੁਨਾਂ ਦੀਆਂ ਕਥਿਤ ਸਿਆਸੀ ਹੱਤਿਆਵਾਂ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਦੋਸ਼ ਲਾਇਆ ਕਿ ਮਮਤਾ ਬੈਨਰਜੀ ਦੀ ਸਿਆਸਤ ਸਿਰਫ਼ ਵਿਰੋਧ ਤੱਕ ਸੀਮਿਤ ਨਹੀਂ ਹੈ ਬਲਕਿ ‘ਬਦਲੇ ਦੀ ਖ਼ਤਰਨਾਕ ਸੀਮਾ’ ਨੂੰ ਵੀ ਪਾਰ ਕਰ ਚੁੱਕੀ ਹੈ।