ਨਵੀਂ ਦਿੱਲੀ, 7 ਅਗਸਤ
ਜਗਦੀਪ ਧਨਖੜ ਨੇ ਅੱਜ ਇੱਥੇ ਉਪ ਰਾਸ਼ਟਰਪਤੀ ਐੱਮ. ਵੈਂਕੱਈਆ ਨਾਇਡੂ ਨਾਲ ਮੁਲਾਕਾਤ ਕੀਤੀ। ਧਨਖੜ 14ਵੇਂ ਉਪ ਰਾਸ਼ਟਰਪਤੀ ਚੁਣੇ ਗਏ ਹਨ ਅਤੇ ਉਹ ਇਸ ਹਫ਼ਤੇ ਹਲਫ਼ ਲੈਣਗੇ। ਇਸ ਮੌਕੇ ਉਨ੍ਹਾਂ ਦੀ ਪਤਨੀ ਡਾ. ਸੁਦੇਸ਼ ਧਨਖੜ ਵੀ ਨਾਲ ਸਨ। ਨਾਇਡੂ ਅਤੇ ਉਨ੍ਹਾਂ ਦੀ ਪਤਨੀ ਊਸ਼ਾ ਨਾਇਡੂ ਨੇ ਇੱਥੇ ਉਪ ਰਾਸ਼ਟਰਪਤੀ ਨਿਵਾਸ ਵਿੱਚ ਦੋਵਾਂ ਦਾ ਸਵਾਗਤ ਕੀਤਾ। ਉਪ ਰਾਸ਼ਟਰਪਤੀ ਸਕੱਤਰੇਤ ਅਤੇ ਧਨਖੜ ਨੇ ਇਸ ਮੀਟਿੰਗ ਦੀਆਂ ਤਸਵੀਰਾਂ ਟਵਿਟਰ ’ਤੇ ਸਾਂਝੀਆਂ ਕੀਤੀਆਂ ਹਨ। ਨਾਇਡੂ ਨੇ ਆਪਣੇ ਜਾਨਸ਼ੀਨ ਨੂੰ ‘ਅੰਗ ਵਸਤ੍ਰਮ’ (ਸ਼ਾਲ) ਭੇਟ ਕੀਤਾ। ਸੂਤਰਾਂ ਨੇ ਦੱਸਿਆ ਕਿ ਇਹ ਮੀਟਿੰਗ ਅੱਧ ਘੰਟੇ ਤੋਂ ਵੱਧ ਸਮਾਂ ਚੱਲੀ। ਬਾਅਦ ਵਿੱਚ ਨਾਇਡੂ ਨੇ ਧਨਖੜ ਨੂੰ ਉਪ ਰਾਸ਼ਟਰਪਤੀ ਦੀ ਰਿਹਾਇਸ਼ ਅਤੇ ਸਕੱਤਰੇਤ ਦਾ ਦੌਰਾ ਕਰਵਾਇਆ। ਉਧਰ, ਚੋਣ ਕਮਿਸ਼ਨ ਨੇ ਚੋਣ ਜਿੱਤਣ ਦਾ ਐਲਾਨ ਕਰਦਿਆਂ ਐੱਨਡੀਏ ਉਮੀਦਵਾਰ ਜਗਦੀਪ ਧਨਖੜ ਨੂੰ 14ਵੇਂ ਰਾਸ਼ਟਰਪਤੀ ਵਜੋਂ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ। -ਪੀਟੀਆਈ
ਨਾਇਡੂ ਨੂੰ ਰਾਜ ਸਭਾ ਸਦਨ ਵਿੱਚ ਅੱਜ ਦਿੱਤੀ ਜਾਵੇਗੀ ਵਿਦਾਇਗੀ
ਨਵੀਂ ਦਿੱਲੀ: ਉਪ ਰਾਸ਼ਟਰਪਤੀ ਅਤੇ ਰਾਜ ਸਭਾ ਸਪੀਕਰ ਐੱਮ. ਵੈਂਕੱਈਆ ਨਾਇਡੂ ਨੂੰ ਭਲਕੇ ਸੋਮਵਾਰ ਨੂੰ ਸਦਨ ਵਿੱਚ ਵਿਦਾਇਗੀ ਦਿੱਤੀ ਜਾਵੇਗੀ। ਉਪ ਰਾਸ਼ਟਰਪਤੀ ਨਾਇਡੂ ਬੁੱਧਵਾਰ ਨੂੰ ਅਹੁਦਾ ਛੱਡ ਦੇਣਗੇ ਅਤੇ ਉਨ੍ਹਾਂ ਦੇ ਜਾਨਸ਼ੀਨ ਜਗਦੀਪ ਧਨਖੜ 11 ਅਗਸਤ ਨੂੰ ਹਲਫ਼ ਲੈਣਗੇ। ਸੂਤਰਾਂ ਨੇ ਦੱਸਿਆ ਕਿ ਸਾਰੇ ਮੈਂਬਰਾਂ ਵੱਲੋਂ ਸਦਨ ਦੇ ਜੀਐੱਮਸੀ ਬਾਲਾਯੋਗੀ ਆਡੀਟੋਰੀਅਮ ਵਿੱਚ ਨਾਇਡੂ ਲਈ ਸੋਮਵਾਰ ਸ਼ਾਮ ਨੂੰ ਇੱਕ ਹੋਰ ਵਿਦਾਇਗੀ ਸਮਾਰੋਹ ਕਰਵਾਇਆ ਜਾਵੇਗਾ। -ਪੀਟੀਆਈ