ਨਵੀਂ ਦਿੱਲੀ, 25 ਜੁਲਾਈ
ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਵੀ ਕੇ ਸਿੰਘ ਨੇ ਅੱਜ ਰਾਜ ਸਭਾ ’ਚ ਦੱਸਿਆ ਕਿ ਹਵਾਬਾਜ਼ੀ ਨਿਗਰਾਨ ਡੀਜੀਸੀਏ ਨੇ 9 ਤੋਂ 13 ਜੁਲਾਈ ਦਰਮਿਆਨ ਸਪਾਈਸਜੈੱਟ ਦੇ 48 ਜਹਾਜ਼ਾਂ ਦੀ ਚੈਕਿੰਗ ਕੀਤੀ ਜਿਨ੍ਹਾਂ ’ਚ ਕੋਈ ਵੱਡੀ ਸੁਰੱਖਿਆ ਖਾਮੀ ਨਹੀਂ ਮਿਲੀ। ਰਾਜ ਸਭਾ ’ਚ ਲਿਖਤੀ ਜਵਾਬ ਦੌਰਾਨ ਮੰਤਰੀ ਨੇ ਦੱਸਿਆ ਕਿ ਡੀਜੀਸੀਏ ਨੇ ਸਪਾਈਸਜੈੱਟ ਨੂੰ 10 ਜਹਾਜ਼ਾਂ ਦੇ ਨੁਕਸ ਠੀਕ ਕਰਨ ਮਗਰੋਂ ਉਨ੍ਹਾਂ ਨੂੰ ਉਡਾਉਣ ਤੋਂ ਪਹਿਲਾਂ ਇਜਾਜ਼ਤ ਲੈਣ ਲਈ ਕਿਹਾ ਹੈ। ਸਪਾਈਸਜੈੱਟ ਦੇ ਜਹਾਜ਼ਾਂ ’ਚ 18 ਦਿਨਾਂ ਦੇ ਅੰਦਰ ਅੱਠ ਤਕਨੀਕੀ ਨੁਕਸ ਮਿਲਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਇਸ ਮਗਰੋਂ ਡੀਜੀਸੀਏ ਨੇ 6 ਜੁਲਾਈ ਨੂੰ ਏਅਰਲਾਈਨਜ਼ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਏਅਰਲਾਈਨਜ਼ ਨੂੰ ਨੋਟਿਸ ਦਾ ਜਵਾਬ ਦੇਣ ਲਈ ਤਿੰਨ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਸੀ। ਡੀਜੀਸੀਏ ਨੇ ਮੌਕੇ ’ਤੇ ਜਾ ਕੇ ਜਹਾਜ਼ਾਂ ਦੀ ਚੈਕਿੰਗ ਕੀਤੀ। -ਪੀਟੀਆਈ