ਗੋਪੇਸ਼ਵਰ, 8 ਫਰਵਰੀ
ਮੈਗਾਸੇਸੇ ਐਵਾਰਡੀ ਚੰਡੀ ਪ੍ਰਸ਼ਾਦ ਭੱਟ (87) ਨੇ ਕਿਹਾ ਕਿ ਚਮੋਲੀ ਜ਼ਿਲ੍ਹੇ ਦੇ ਰੈਨੀ ਪਿੰਡ ਵਿੱਚ ਬਰਫ਼ ਦੇ ਵੱਡੇ ਤੋਦੇ ਡਿੱਗਣ ਨਾਲ ਆਏ ਹੜ੍ਹ ਦਾ ਕਾਰਨ ਵਿਕਾਸ ਦੇ ਨਾਂ ’ਤੇ ਹਿਮਾਲਿਆ ਦੇ ਵਾਤਾਵਰਨ ਨਾਲ ਛੇੜਛਾੜ ਹੈ। ਇਸ ਪਿੰਡ ਤੋਂ ਕਦੇ ‘ਚਿਪਕੋ ਅੰਦੋਲਨ’ ਦਾ ਆਗਾਜ਼ ਹੋਇਆ ਸੀ। ਇਸ ਅੰਦੋਲਨ ਦੇ ਆਗੂ ਤੇ ਵਾਤਾਵਰਨ ਪ੍ਰੇਮੀ ਭੱਟ ਨੇ ਕਿਹਾ ਕਿ ਰਿਸ਼ੀ ਗੰਗਾ ਜਿਹੇ ਪਣਬਿਜਲੀ ਪ੍ਰਾਜੈਕਟ ਨੂੰ ਵਾਤਾਵਰਨ ਨਾਲ ਜੁੜੀਆਂ ਪ੍ਰਵਾਨਗੀਆਂ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ। ਐਤਵਾਰ ਨੂੰ ਆਈ ਆਫ਼ਤ ਕਾਰਨ ਇਸ ਪ੍ਰਾਜੈਕਟ ਨੂੰ ਸਭ ਤੋਂ ਵੱਧ ਮਾਰ ਝੱਲਣੀ ਪਈ ਹੈ। ਭੱਟ ਨੇ ਕਿਹਾ ਕਿ ਉਨ੍ਹਾਂ 2010 ਵਿੱਚ ਤਤਕਾਲੀਨ ਵਾਤਾਵਰਨ ਮੰਤਰੀ ਨੂੰ ਪੱਤਰ ਲਿਖ ਕੇ ਪ੍ਰਾਜੈਕਟ ਦੇ ਹਾਨੀਕਾਰਕ ਅਸਰਾਂ ਬਾਰੇ ਚਿਤਾਵਨੀ ਦਿੱਤੀ ਸੀ। ਉਨ੍ਹਾਂ ਕਿਹਾ, ‘ਜੇ ਉਦੋਂ ਮੇਰੀ ਸਲਾਹ ’ਤੇ ਗੌਰ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਇੰਨਾ ਵੱਡਾ ਜਾਨੀ ਤੇ ਮਾਲੀ ਨੁਕਸਾਨ ਨਾ ਹੁੰਦਾ। ਹਿਮਾਲਿਆ ਦੀਆਂ ਪਹਾੜੀਆਂ ਵਿੱਚ ਵਿਕਾਸ ਦੇ ਨਾਂ ’ਤੇ ਬੇਮੁਹਾਰੇ ਕੀਤੇ ਜਾ ਰਹੇ ਕਾਰਜਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ।’ ਕੌਮਾਂਤਰੀ ਗਾਂਧੀ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਭੱਟ ਨੇ ਕਿਹਾ, ‘ਐਤਵਾਰ ਨੂੰ ਆਇਆ ਬਰਫ਼ੀਲਾ ਤੂਫ਼ਾਨ/ਹੜ੍ਹ ਅੱਖਾਂ ਖੋਲ੍ਹਣ ਦਾ ਸੱਦਾ ਹੈ। 2013 ਵਿੱਚ ਕੇਦਾਰਨਾਥ ’ਚ ਆਈ ਜਲ-ਪਰਲੋ, ਜਿਸ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਜਾਂਦੀ ਰਹੀ ਸੀ, ਵੀ ਇਕ ਸੁਨੇਹਾ ਸੀ, ਪਰ ਅਥਾਰਿਟੀਜ਼ ਨੇ ਕੁਦਰਤੀ ਆਫ਼ਤਾਂ ਤੋਂ ਕੋਈ ਸਬਕ ਨਹੀਂ ਸਿੱਖਿਆ।’’ ਚੇਤੇ ਰਹੇ ਕਿ ਸਾਲ 1970 ਵਿੱਚ ਰਿਸ਼ੀ ਗੰਗਾ ਤੇ ਅਲਕਨੰਦਾ ਨਦੀਆਂ ਵਿੱਚ ਆਏ ਹੜ੍ਹਾਂ ਵੱਲੋਂ ਵੱਡੇ ਪੱਧਰ ’ਤੇ ਤਬਾਹੀ ਮਚਾਉਣ ਮਗਰੋਂ ਰੈਨੀ ਪਿੰਡ ਤੋਂ ਚਿਪਕੋ ਅੰਦੋਲਨ ਦੀ ਸ਼ੁਰੂਆਤ ਹੋਈ ਸੀ। ਰੈਨੀ ਪਿੰਡ ਦੀਆਂ ਔਰਤਾਂ ਨੇ ਰੁੱਖਾਂ ਨੂੰ ਕੱਟਣ ਤੋਂ ਬਚਾਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਸੀ। -ਪੀਟੀਆਈ