ਜੰਮੂ, 7 ਦਸੰਬਰ
ਮਕਬੂਜ਼ਾ ਕਸ਼ਮੀਰ ਦੀਆਂ ਵਸਨੀਕ ਦੋ ਨਾਬਾਲਗ ਭੈਣਾਂ, ਜਿਹੜੀਆਂ ਗਲਤੀ ਨਾਲ ਕੰਟਰੋਲ ਰੇਖਾ ਪਾਰ ਕਰਕੇ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਦਾਖ਼ਲ ਹੋ ਗਈਆਂ ਸਨ, ਨੂੰ ਅੱਜ ਪਾਕਿਸਤਾਨ ਹਵਾਲੇ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪੀਓਕੇ ਦੀ ਕਹੂਟਾ ਤਹਿਸੀਲ ਦੇ ਪਿੰਡ ਅੱਬਾਸਪੁਰ ਵਾਸੀ ਲਾਇਬਾ ਜ਼ਬੈਰ (17) ਅਤੇ ਉਸ ਦੀ ਛੋਟੀ ਭੈਣ ਸਨਾ ਜ਼ਬੈਰ (13) ਨੂੰ ਐਤਵਾਰ ਨੂੰ ਭਾਰਤੀ ਹੱਦ ਅੰਦਰ ਜਵਾਨਾਂ ਨੇ ਫੜਿਆ ਸੀ। ਰੱਖਿਆ ਤਰਜਮਾਨ ਨੇ ਕਿਹਾ ਕਿ ਦੋਵੇਂ ਭੈਣਾਂ ਨੂੰ ਅੱਜ ਚੱਕਾਂ ਦਾ ਬਾਗ ਲਾਂਘੇ ਰਾਹੀਂ ਪਾਕਿਸਤਾਨ ਹਵਾਲੇ ਕਰ ਦਿੱਤਾ ਗਿਆ। ਭਾਰਤੀ ਫ਼ੌਜ ਨੇ ਦੋਹਾਂ ਨੂੰ ਤੋਹਫ਼ੇ ਅਤੇ ਮਠਿਆਈਆਂ ਨਾਲ ਵਿਦਾ ਕੀਤਾ। ਇਸ ਮੌਕੇ ਪਾਕਿਸਤਾਨ ਦੇ ਸਿਵਲ ਅਤੇ ਫ਼ੌਜੀ ਅਧਿਕਾਰੀ ਵੀ ਹਾਜ਼ਰ ਸਨ। -ਪੀਟੀਆਈ