ਨਵੀਂ ਦਿੱਲੀ, 8 ਨਵੰਬਰ
ਨੋਟਬੰਦੀ ਦੀ ਪੰਜਵੀਂ ਵਰ੍ਹੇਗੰਢ ਮੌਕੇ ਅੱਜ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਦੇਸ਼ ਦੀ ਆਰਥਿਕਤਾ ‘ਤਬਾਹ’ ਕਰਨ ਦਾ ਦੋਸ਼ ਲਾਇਆ ਤੇ ਨਾਲ ਹੀ ਕਿਹਾ ਕਿ ਨੋਟਬੰਦੀ ਦਾ ਫ਼ੈਸਲਾ ਸੰਸਾਰ ਦੇ ਆਰਥਿਕ ਇਤਿਹਾਸ ਵਿਚ ‘ਨੀਤੀ ਦੇ ਪੱਖ ਤੋਂ ਸਭ ਤੋਂ ਵੱਡੀ ਭੁੱਲ ਵਜੋਂ ਜਾਣਿਆ ਜਾਵੇਗਾ।’ ਜ਼ਿਕਰਯੋਗ ਹੈ ਕਿ 2016 ਵਿਚ ਇਸੇ ਦਿਨ ਪ੍ਰਧਾਨ ਮੰਤਰੀ ਨੇ 500 ਤੇ 1000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਟਵਿੱਟਰ ਉਤੇ ਪੋਸਟ ਇਕ ਵੀਡੀਓ ਵਿਚ ਕਿਹਾ ਅੱਜ ਪ੍ਰਧਾਨ ਮੰਤਰੀ ਮੋਦੀ ਵੱਲੋਂ ਐਲਾਨੀ ਨੋਟਬੰਦੀ ਨੂੰ ਪੰਜ ਸਾਲ ਹੋ ਚੱਲੇ ਹਨ। ਬੇਰੁਜ਼ਗਾਰੀ ਵਧੀ ਹੈ, ਛੋਟੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਤੇ ਬੰਦ ਹੋਏ ਹਨ। ਉਨ੍ਹਾਂ (ਮੋਦੀ) ਨੇ ਨੋਟਬੰਦੀ ਰਾਹੀਂ ਦੇਸ਼ ਦੀ ਚੰਗੀ-ਭਲੀ ਆਰਥਿਕਤਾ ਤਬਾਹ ਕਰ ਦਿੱਤੀ। ਖੜਗੇ ਨੇ ਨੋਟਬੰਦੀ ਵੇਲੇ ਮੋਦੀ ਸਰਕਾਰ ਵੱਲੋਂ ਕੀਤੇ ਦਾਅਵਿਆਂ ਉਤੇ ਵੀ ਸਵਾਲ ਖੜ੍ਹੇ ਕੀਤੇ।
ਕਾਂਗਰਸੀ ਆਗੂ ਨੇ ਕਿਹਾ ‘ਨੋਟਬੰਦੀ ਨਾਲ ਕੀ ਹੋਇਆ? ਇਸ ਨਾਲ ਕਾਲਾ ਧਨ ਨਹੀਂ ਘਟਿਆ, ਨਾ ਅਤਿਵਾਦ ਨੂੰ ਨੱਥ ਪਈ ਨਾ ਹੀ ਨਗਦ ਲੈਣ-ਦੇਣ ਨੂੰ, ਪਰ ਨੌਕਰੀਆਂ ਘਟੀਆਂ, ਆਮਦਨੀ ਅਤੇ ਦੇਸ਼ ਦੀ ਜੀਡੀਪੀ ਹੇਠਾਂ ਚਲੀ ਗਈ। ਭਾਜਪਾ ਤੇ ਇਸ ਦੇ ਆਗੂਆਂ ਤੋਂ ਬਿਨਾਂ ਕੀ ਕਿਸੇ ਹੋਰ ਨੂੰ ਲਾਭ ਹੋਇਆ ਹੈ, ਕੋਈ ਅਜਿਹੇ ਕਿਸੇ ਲਾਭਪਾਤਰੀ ਦਾ ਨਾਂ ਦੱਸ ਸਕਦਾ ਹੈ?’ ਖੜਗੇ ਨੇ ਦਾਅਵਾ ਕੀਤਾ ਕਿ ਨੋਟਬੰਦੀ ਨਾਲ ਜਿਨ੍ਹਾਂ ਦੀ ਨੌਕਰੀ ਚਲੀ ਗਏ ਉਹ ਵਾਪਸ ਨਹੀਂ ਆਈ। ਇਹ ਦੇਸ਼ ਦੇ ਲੋਕਾਂ ਲਈ ਕਾਲਾ ਦਿਨ ਹੈ। ਕਰੰਸੀ ਨੋਟ ਹਾਲੇ ਵੀ ਸਰਕੁਲੇਸ਼ਨ ਵਿਚ ਹਨ ਤੇ 28 ਲੱਖ ਕਰੋੜ ਰੁਪਏ ਤੋਂ ਵੱਧ ਰਹੇ ਹਨ। ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਜੀਐੱਸਟੀ ਦਾ ਫ਼ੈਸਲਾ ਵੀ ਕਾਹਲੀ ਵਿਚ ਲਿਆ ਗਿਆ ਤੇ ਨੁਕਸਾਨ ਹੋਇਆ। ਕਾਂਗਰਸੀ ਆਗੂ ਨੇ ਟਵੀਟ ਨਾਲ ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਨ ਦਾ ਇਕ ਗਰਾਫ਼ ਵੀ ਸ਼ੇਅਰ ਕੀਤਾ ਜਿਸ ਵਿਚ ਦੱਸਿਆ ਗਿਆ ਹੈ ਕਿ ‘ਡਿਜੀਟਲ ਲੈਣ-ਦੇਣ ਵਧਣ ਦੇ ਬਾਵਜੂਦ, ਨਗ਼ਦੀ ਜ਼ੋਰ ਨਾਲ ਵਾਪਸ ਆਈ ਹੈ।’ ਰਮੇਸ਼ ਨੇ ਕਿਹਾ ਕਿ ਪਹਿਲਾਂ ਕੈਸ਼ਲੈੱਸ ਅਰਥਵਿਵਸਥਾ ਦਾ ਵਾਅਦਾ ਕੀਤਾ ਗਿਆ ਤੇ ਮਗਰੋਂ ਕਿਹਾ ਗਿਆ ਕਿ ‘ਕੈਸ਼ਲੈੱਸ ਨਹੀਂ ਪਰ ਲੈੱਸ ਕੈਸ਼।’ ਹੁਣ ਸਰਕੁਲੇਸ਼ਨ ਵਿਚ ਨਗ਼ਦੀ ਨੋਟਬੰਦੀ ਤੋਂ ਪਹਿਲਾਂ ਨਾਲੋਂ ਵੀ ਵੱਧ ਹੈ। ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਨੇ ਵੀ ਨੋਟਬੰਦੀ ਨੂੰ ‘ਬਰਬਾਦੀ’ ਕਰਾਰ ਦਿੱਤਾ। -ਪੀਟੀਆਈ
ਯੂਥ ਕਾਂਗਰਸ ਵੱਲੋਂ ਰਿਜ਼ਰਵ ਬੈਂਕ ਦੇ ਬਾਹਰ ਰੋਸ ਵਿਖਾਵਾ
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਯੂਥ ਕਾਂਗਰਸ ਨੇ ਅੱਜ ਨੋਟਬੰਦੀ ਦੀ 5ਵੀਂ ਵਰ੍ਹੇਗੰਢ ’ਤੇ ਪ੍ਰਧਾਨ ਸ੍ਰੀਨਿਵਾਸ ਬੀਵੀ ਦੀ ਅਗਵਾਈ ਹੇਠ ਰਿਜ਼ਰਵ ਬੈਂਕ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਮੌਕੇ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨੋਟਬੰਦੀ ਦਾ ਫੈਸਲਾ ‘ਮਾਸਟਰਸਟ੍ਰੋਕ’ ਦੀ ਬਜਾਏ ਇੱਕ ‘ਤਬਾਹੀ’ ਸਾਬਿਤ ਹੋਇਆ ਹੈ। ਨੋਟਬੰਦੀ ਨਾਲ ਅਤਿਵਾਦ ਦਾ ਖਾਤਮਾ ਇਕ ਜੁਮਲਾ ਨਿਕਲਿਆ। ਸ੍ਰੀਨਿਵਾਸ ਬੀਵੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੋਟਬੰਦੀ ਦੇ ਆਪਣੇ ਮੂਰਖਤਾ ਭਰੇ ਫ਼ੈਸਲੇ ਨੂੰ ਜਾਇਜ਼ ਠਹਿਰਾਉਣ ਲਈ ਨਕਲੀ ਨੋਟਾਂ ਨੂੰ ਖ਼ਤਮ ਕਰਨ ਦਾ ਦਾਅਵਾ ਕਰਦੇ ਹਨ ਜਦਕਿ ਅਸਲੀਅਤ ਵੱਖਰੀ ਹੈ। ਨੋਟਬੰਦੀ ਨੇ ਨਕਲੀ ਨੋਟਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਕਾਲੇ ਧਨ ਵਿਰੁੱਧ ਨਹੀਂ ਸਗੋਂ ਗਰੀਬਾਂ ਅਤੇ ਆਮ ਨਾਗਰਿਕਾਂ ਵਿਰੁੱਧ ਸੀ। ਪ੍ਰਧਾਨ ਮੰਤਰੀ ਨੂੰ ਨੋਟਬੰਦੀ ਦੀ ਅਸਫ਼ਲਤਾ ਲਈ ਦੇਸ਼ ਵਾਸੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਆਰਬੀਆਈ ਦੇ ਬਾਹਰ ਪ੍ਰਦਰਸ਼ਨ ਲਈ ਪਹੁੰਚੇ ਯੂਥ ਕਾਂਗਰਸ ਵਰਕਰਾਂ ਨੂੰ ਦਿੱਲੀ ਪੁਲੀਸ ਨੇ ਬੈਰੀਕੇਡ ਲਗਾ ਕੇ ਰੋਕ ਲਿਆ ਤੇ ਕਈਆਂ ਨੂੰ ਹਿਰਾਸਤ ਵਿੱਚ ਲਿਆ ਗਿਆ।