ਨਾਗਪੁਰ, 8 ਸਤੰਬਰ
ਆਰਐੱਸਐੱਸ ਨਾਲ ਜੁੜੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਸੰਘ ਨੇ ਫ਼ਸਲਾਂ ਦੀ ਢੁੱਕਵੀਂ ਕੀਮਤ ਦੇਣ ਅਤੇ ਖੇਤੀ ਕਾਨੂੰਨਾਂ ’ਚ ਸੁਧਾਰ ਦੀ ਮੰਗ ਨੂੰ ਲੈ ਕੇ ਅੱਜ ਦੇਸ਼ ਭਰ ’ਚ ਸੰਕੇਤਕ ਪ੍ਰਦਰਸ਼ਨ ਕੀਤਾ। ਇਥੇ ਭਾਰਤੀ ਕਿਸਾਨ ਸੰਘ ਦੀ ਵਿਦਰਭ ਇਕਾਈ ਦੇ ਪ੍ਰਧਾਨ ਨਾਨਾ ਆਖਰੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੇਂਦਰ ਸਰਕਾਰ ਨੂੰ ਖੇਤੀ-ਮਾਰਕੀਟਿੰਗ ਕਾਨੂੰਨ ’ਚ ਅਹਿਮ ਫ਼ਸਲਾਂ ਦੀ ਅਦਾਇਗੀ ਘੱਟੋ ਘੱਟ ਸਮਰਥਨ ਮੁੱਲ ’ਤੇ ਕਰਨ ਦੀ ਧਾਰਾ ਜੋੜਨੀ ਚਾਹੀਦੀ ਹੈ ਜਾਂ ਉਹ ਨਵਾਂ ਕਾਨੂੰਨ ਲੈ ਕੇ ਆਵੇ। ਉਨ੍ਹਾਂ ਕਿਹਾ ਕਿ ਫ਼ਸਲ ਦੇ ਮੁੱਲ ’ਚ ਲਾਗਤ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਜੋ ਕਿਸਾਨਾਂ ਨੂੰ ਮੌਜੂਦਾ ਪ੍ਰਣਾਲੀ ’ਚ ਨਹੀਂ ਮਿਲ ਰਿਹਾ ਹੈ। ਆਖਰੇ ਨੇ ਸੰਕੇਤ ਦਿੱਤਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ’ਚ ਜਥੇਬੰਦੀ ਵੱਲੋਂ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ। ਜਥੇਬੰਦੀ ਦੇ ਸੀਨੀਅਰ ਅਹੁਦੇਦਾਰ ਦਿਨੇਸ਼ ਕੁਲਕਰਨੀ ਨੇ ਪਹਿਲਾਂ ਕਿਹਾ ਸੀ ਕਿ ਫ਼ਸਲਾਂ ਦਾ ਢੁੱਕਵਾਂ ਮੁੱਲ ਹਾਸਲ ਕਰਨਾ ਕਿਸਾਨਾਂ ਦਾ ਹੱਕ ਹੈ ਜਿਸ ’ਚ ਉਤਪਾਦਨ ਦੀ ਲਾਗਤ ਅਤੇ ਮੁਨਾਫ਼ਾ ਸ਼ਾਮਲ ਹੋਵੇ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ ਖੇਤੀ ਸੈਕਟਰ ’ਚ ਸੁਧਾਰਾਂ ਦੇ ਨਾਮ ’ਤੇ ਸਤੰਬਰ 2020 ’ਚ ਤਿੰਨ ਕਾਨੂੰਨ ਲਿਆਂਦੇ ਸਨ ਜਿਨ੍ਹਾਂ ਨੂੰ ਕਿਸਾਨਾਂ ਨੇ ਸਿਰੇ ਤੋਂ ਰੱਦ ਕਰ ਦਿੱਤਾ ਹੈ ਅਤੇ ਉਹ ਦਿੱਲੀ ਦੀਆਂ ਬਰੂਹਾਂ ’ਤੇ ਪਿਛਲੇ ਸਾਲ ਨਵੰਬਰ ਤੋਂ ਪ੍ਰਦਰਸ਼ਨ ਕਰ ਰਹੇ ਹਨ। -ਪੀਟੀਆਈ