ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਜੁਲਾਈ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਅੱਠ ਪਾਰਟੀਆਂ ਦੀ ਅਗਵਾਈ ਕਰਦਿਆਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਤੋਂ ਮੰਗ ਕੀਤੀ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਵੱਲੋਂ ਇਹ ਦਾਅਵਾ ਕਰਨ ਕਿ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੀਆਂ ਹੋਈਆਂ ਮੌਤਾਂ ਦਾ ਕੇਂਦਰ ਸਰਕਾਰ ਕੋਲ ਕੋਈ ਰਿਕਾਰਡ ਨਹੀਂ ਹੈ, ਦੀ ਜਾਂਚ ਵਾਸਤੇ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਗਠਿਤ ਕੀਤੀ ਜਾਵੇ। ਇਸ ਸਬੰਧ ਵਿੱਚ ਅਕਾਲੀ ਦਲ, ਬਸਪਾ, ਐੱਨਪੀਸੀ, ਸੀਪੀਆਈ, ਸੀਪੀਐੱਮ, ਆਰਐੱਲਪੀ, ਜੇ ਐਂਡ ਕੇ ਨੈਸ਼ਨਲ ਕਾਨਫਰੰਸ ਤੇ ਸ਼ਿਵ ਸੈਨਾ ਦੇ ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਨੂੰ ਲਿਖਤੀ ਮੈਮੋਰੰਡਮ ਦਿੱਤਾ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਦੇ ਪ੍ਰਤੀਨਿਧਾਂ ਨੂੰ ਅਪੀਲ ਕੀਤੀ ਕਿ ਉਹ ਕੱਲ੍ਹ ਰਾਸ਼ਟਰਪਤੀ ਨੂੰ ਮਿਲ ਕੇ ਉਨ੍ਹਾਂ ਦੇ ਦਖਲ ਦੀ ਮੰਗ ਕਰਨ ਤੇ ਕੇਂਦਰ ਸਰਕਾਰ ਨੂੰ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਬਾਰੇ ਸੰਸਦ ਵਿਚ ਚਰਚਾ ਕਰਵਾਉਣ ਦੀ ਹਦਾਇਤ ਕਰਨ ਦੀ ਬੇਨਤੀ ਕਰਨ ਵਾਸਤੇ ਮਿਲਣ ਵਾਲੇ ਸੰਸਦ ਮੈਂਬਰਾਂ ਦੇ ਵਫ਼ਦ ਵਿੱਚ ਸ਼ਾਮਲ ਹੋਣ। ਅੱਜ ਸਪੀਕਰ ਨੂੰ ਦਿੱਤੇ ਮੰਗ ਪੱਤਰ ਦੇ ਵੇਰਵੇ ਸਾਂਝੇ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਖੇਤੀਬਾੜੀ ਮੰਤਰੀ ਨੇ ਇਹ ਕਹਿ ਕੇ ਗੰਭੀਰ ਗਲਤੀ ਕਰ ਲਈ ਹੈ ਕਿ ਸਰਕਾਰ ਕੋਲ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਮੰਤਰੀ ਦਾ ਬਿਆਨ ਪਿਛਲੇ ਅੱਠ ਮਹੀਨਿਆਂ ਤੋਂ ਤਿੰਨ ਕਾਲੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੀ ਸ਼ਹਾਦਤ ’ਤੇ ਪੋਚਾ ਫੇਰਨ ਵਾਲੀ ਗੱਲ ਹੈ।
ਸਪੀਕਰ ਤੋਂ ਮਾਮਲੇ ਵਿੱਚ ਤੁਰੰਤ ਦਖਲ ਮੰਗਦਿਆਂ ਸੰਸਦ ਮੈਂਬਰਾਂ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਨੂੰ ਸਲਾਹ ਦਿੱਤੀ ਜਾਵੇ ਕਿ ਉਹ ਆਪਣੀਆਂ ਬੇਹੂਦਾ ਟਿੱਪਣੀਆਂ ਲਈ ਕਿਸਾਨਾਂ ਤੋਂ ਤੁਰੰਤ ਮੁਆਫ਼ੀ ਮੰਗਣ। ਉਨ੍ਹਾਂ ਕਿਹਾ ਕਿ ਨਾਲ ਹੀ ਸਪੀਕਰ ਇੱਕ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਬਣਾਉਣ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਕਿਸਾਨ ਅੰਦੋਲਨ ਵਿੱਚ ਕੁੱਲ ਕਿੰਨੀਆਂ ਸ਼ਹਾਦਤਾਂ ਹੋਈਆਂ ਹਨ ਅਤੇ ਪੀੜਤ ਪਰਿਵਾਰਾਂ ਦੇ ਮੁੜਵਸੇਬੇ ਦੇ ਤਰੀਕੇ ਤੇ ਸਾਧਨਾਂ ਬਾਰੇ ਰਾਇ ਦਿੱਤੀ ਜਾ ਸਕੇ।