ਪ੍ਰਯਾਗਰਾਜ, 30 ਜਨਵਰੀ
ਪ੍ਰਯਾਗਰਾਜ ਵਿਚ ਚੱਲ ਰਹੇ ਮਾਘ ਮੇਲੇ ’ਚ ਕੀਤੀ ਧਰਮ ਸੰਸਦ ਵਿਚ ਸ਼ਾਮਲ ਸੰਤਾਂ ਨੇ ਅੱਜ ਮੰਗ ਕੀਤੀ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨ ਦੇਣਾ ਚਾਹੀਦਾ ਹੈ, ਸੁਭਾਸ਼ ਚੰਦਰ ਬੋਸ ਨੂੰ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਐਲਾਨਣਾ ਚਾਹੀਦਾ ਹੈ, ਤੇ ਨਾਲ ਹੀ ਧਰਮ ਬਦਲੀਆਂ ਲਈ ਫਾਂਸੀ ਦੀ ਸਜ਼ਾ ਰੱਖਣੀ ਚਾਹੀਦੀ ਹੈ ਤੇ ਇਸ ਨੂੰ ਦੇਸ਼ਧ੍ਰੋਹ ਵਜੋਂ ਲਿਆ ਜਾਣਾ ਚਾਹੀਦਾ ਹੈ। ਸੰਤਾਂ ਨੇ ਨਾਲ ਹੀ ਕਿਹਾ ਕਿ ‘ਦੇਸ਼ਭਗਤ’ ਮੁਸਲਮਾਨ ਪਰਿਵਾਰ ਦਾ ਹਿੱਸਾ ਹਨ ਤੇ ਉਨ੍ਹਾਂ ਦੀ ‘ਘਰ ਵਾਪਸੀ’ ਮੁਹਿੰਮ ਤੇਜ਼ ਕਰਨ ਬਾਰੇ ਜਿਹੜਾ ਫ਼ੈਸਲਾ ਲਿਆ ਗਿਆ ਹੈ, ਉਹ ਜਾਰੀ ਰਹੇਗਾ। ਇਸ ਸਮਾਗਮ ਦੇ ਮੁੱਖ ਮਹਿਮਾਨ ਸੁਮੇਰੂ ਪੀਠਾਧੀਸ਼ਵਰ ਦੇ ਜਗਤਗੁਰੂ ਸਵਾਮੀ ਨਰੇਂਦਰਨੰਦ ਸਰਸਤਵੀ ਸਨ। ਉਨ੍ਹਾਂ ਕਿਹਾ, ‘ਸਰਕਾਰ ਸ਼ਾਇਦ ਭਾਰਤ ਨੂੰ ਹਿੰਦੂ ਰਾਸ਼ਟਰ ਨਾ ਐਲਾਨੇ, ਪਰ ਸਾਰੇ ਹਿੰਦੂਆਂ ਨੂੰ ਹੁਣ ਮੁਲਕ ਨੂੰ ਹਿੰਦੂ ਰਾਸ਼ਟਰ ਦੱਸਣਾ ਤੇ ਲਿਖਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਰ ਕੇ ਸਰਕਾਰ ਨੂੰ ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਨਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ, ‘ਇਸਲਾਮਿਕ ਜਹਾਦ ਮਨੁੱਖਤਾ ਤੇ ਸੰਸਾਰ ਲਈ ਵੱਡਾ ਖ਼ਤਰਾ ਹੈ। ਇਸ ਨੂੰ ਖ਼ਤਮ ਕਰਨ ਲਈ ਚੀਨ ਦੀ ਨੀਤੀ ਅਪਨਾਉਣੀ ਪਵੇਗੀ ਤੇ ਇਸ ਨੂੰ ਪਾਬੰਦੀਆਂ ਲਾ ਕੇ ਹੀ ਰੋਕਿਆ ਜਾ ਸਕਦਾ ਹੈ ਜਿਵੇਂ ਚੀਨ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਸਨਾਤਨੀ’ ਹਰੇਕ ਦੇ ਨਿਸ਼ਾਨੇ ਉਤੇ ਹਨ, ਇਸ ਲਈ ਇਹ ਜ਼ਰੂਰੀ ਹੈ ਕਿ ਪੂਰੇ ਦੇਸ਼ ਵਿਚ ਇਕੋ ਜਿਹੀ ਸਿੱਖਿਆ ਤੇ ਨਿਆਂ ਦਾ ਢਾਂਚਾ ਲਾਗੂ ਹੋਵੇ। ਉਨ੍ਹਾਂ ਨਾਲ ਹੀ ਮੰਗ ਕੀਤੀ ਕਿ ਸਰਕਾਰ ਹਿੰਦੂ ਮੱਠਾਂ ਤੇ ਮੰਦਰਾਂ ਨੂੰ ਆਪਣੇ ਦਾਇਰੇ ਤੋਂ ਬਾਹਰ ਕਰੇ। ਨਰੇਂਦਰਨੰਦ ਸਰਸਵਤੀ ਨੇ ਕਿਹਾ ਕਿ ਜੇ ਮੱਠਾਂ ਤੇ ਮੰਦਰਾਂ ਨੂੰ ਸਰਕਾਰੀ ਕੰਟਰੋਲ ਵਿਚ ਰੱਖਣਾ ਹੈ ਤਾਂ ਫਿਰ ਮਸਜਿਦਾਂ ਤੇ ਗਿਰਜਾਘਰਾਂ ਨੂੰ ਵੀ ਸਰਕਾਰ ਆਪਣੇ ਦਾਇਰੇ ਵਿਚ ਲਿਆਏ। ਜਗਤਗੁਰੂ ਨੇ ਕਿਹਾ ਕਿ, ‘ਮੁਸਲਮਾਨ ਘੱਟਗਿਣਤੀ ਨਹੀਂ ਹਨ ਤੇ ਉਨ੍ਹਾਂ ਨੂੰ ਮਿਲਿਆ ਇਹ ਦਰਜਾ ਵਾਪਸ ਲੈਣ ਲਈ ਕਦਮ ਚੁੱਕਣੇ ਚਾਹੀਦੇ ਹਨ।’ ਉਨ੍ਹਾਂ ਨਾਲ ਹੀ ਕਿਹਾ ਕਿ ‘ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜਿਹੇ ਕ੍ਰਾਂਤੀਕਾਰੀਆਂ ਦੇ ਜੀਵਨ ਨੂੰ ਸਕੂਲਾਂ ਦੇ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਨਿਰੰਜਨੀ ਅਖਾੜਾ ਦੇ ਮਹਾਮੰਡਲੇਸ਼ਵਰ ਅੰਨਾਪੂਰਨਾ ਭਾਰਤੀ ਨੇ ਕਿਹਾ, ‘ਜਦ ਧਾਰਮਿਕ ਆਗੂਆਂ ਨੇ ਹਰਿਦੁਆਰ ਧਰਮ ਸੰਸਦ ਵਿਚ ਆਪਣੀ ਸੁਰੱਖਿਆ ਬਾਰੇ ਕੁਝ ਸ਼ਬਦ ਕਹੇ ਤਾਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਉਨ੍ਹਾਂ ਉਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਗਿਆ ਪਰ ‘ਜਦ ਤੌਕੀਰ ਰਜ਼ਾ ਨੇ ਬਰੇਲੀ ਵਿਚ 20 ਹਜ਼ਾਰ ਲੋਕਾਂ ਦੀ ਭੀੜ ਇਕੱਠੀ ਕੀਤੀ ਤੇ ਸਨਾਤਨ ਧਰਮ ਖ਼ਿਲਾਫ਼ ‘ਜ਼ਹਿਰ ਉਗਲਿਆ’, ਉਦੋਂ ਕੋਈ ਕਾਰਵਾਈ ਨਹੀਂ ਹੋਈ। ਕੀ ਇਸ ਨਾਲ ਸਾਡੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਦੀ?’ ਓਵੈਸੀ ਦੀ ਧਮਕੀ ਦਿੰਦਿਆਂ ਦੀ ਵੀਡੀਓ ਰਿਲੀਜ਼ ਹੋਈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਭਾਰਤੀ ਨੇ ਮੇਲੇ ਵਿਚ ਮੌਜੂਦ ਸੰਤਾਂ ਤੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਮਹਾਮੰਡਲੇਸ਼ਵਰ ਨਰਸਿਮ੍ਹਾਨੰਦ ਯਤੀ ਤੇ ਜੀਤੇਂਦਰ ਨਾਰਾਇਣ ਸਿੰਘ ਤਿਆਗੀ ਦੀ ਰਿਹਾਈ ਲਈ ਸਰਕਾਰ ਨੂੰ ਪੱਤਰ ਲਿਖਣ। ਸ਼ਕਤੀ ਪੀਠਾਧੀਸ਼ਵਰ ਸਵਾਮੀ ਲਲਿਤਾਨੰਦ ਨੇ ਕਿਹਾ ਕਿ ‘ਹਰ ਬੱਚਾ ਜਨਮ ਤੋਂ ਹਿੰਦੂ ਹੈ, ਮਗਰੋਂ ਉਸ ਦੇ ਰਸਮਾਂ-ਰਿਵਾਜ ਬਦਲਦੇ ਹਨ। ਅਸੀਂ ਆਪਣਾ ਸਭਿਆਚਾਰ ਛੱਡਿਆ ਹੈ ਤੇ ਇਸੇ ਲਈ ਹੁਣ ਦੂਜੇ ਇਸ ਨੂੰ ਅਪਣਾ ਰਹੇ ਹਨ।’ ਸਵਾਮੀ ਆਨੰਦ ਸਵਰੂਪ ਨੇ ਕਿਹਾ ਕਿ ਮੁਲਕ ਦੀ ਵੰਡ ਸਮੇਂ ਨੌਂ ਕਰੋੜ ਮੁਸਲਮਾਨ ਸਨ ਪਰ ਅੱਜ ਉਨ੍ਹਾਂ ਦੀ ਗਿਣਤੀ 40 ਕਰੋੜ ਹੈ। ਸਵਾਮੀ ਸਿੰਧੂ ਸਾਗਰ ਨੇ ਕਿਹਾ ਕਿ ਹਿੰਦੂਆਂ ਦੇ ਮਨ ਵਿਚ ਮੁਸਲਮਾਨਾਂ ਤੇ ਏਪੀਜੇ ਅਬਦੁਲ ਕਲਾਮ ਵਰਗੇ ਮੁਸਲਮਾਨਾਂ ਪ੍ਰਤੀ ਕੋਈ ਨਫ਼ਰਤ ਨਹੀਂ ਹੈ। -ਆਈਏਐਨਐੱਸ