ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਅੱਜ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਅਸਤੀਫ਼ਾ ਦੇ ਦਿੱਤਾ। ਵੇਰਵਿਆਂ ਮੁਤਾਬਕ ਉਨ੍ਹਾਂ ਆਪਣਾ ਅਸਤੀਫ਼ਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਭੇਜ ਦਿੱਤਾ ਹੈ। ਨਜੀਬ ਜੰਗ ਦੇ ਅਚਾਨਕ ਅਸਤੀਫ਼ੇ ਤੋਂ ਬਾਅਦ 31 ਦਸੰਬਰ 2016 ਨੂੰ ਅਹੁਦਾ ਸੰਭਾਲਣ ਵਾਲੇ ਬੈਜਲ ਨੇ ਪੰਜ ਸਾਲ ਅਤੇ ਚਾਰ ਮਹੀਨਿਆਂ ਤੋਂ ਵੱਧ ਦਾ ਲੰਮਾ ਕਾਰਜਕਾਲ ਉਪ ਰਾਜਪਾਲ ਵਜੋਂ ਪੂਰਾ ਕੀਤਾ ਹੈ। ਸ਼ੁਰੂ ਤੋਂ ਹੀ ਉਨ੍ਹਾਂ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਕਈ ਮੁੱਦਿਆਂ ’ਤੇ ਵਿਵਾਦ ਚੱਲਦਾ ਰਿਹਾ। ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਦੇ ਨੁਮਾਇੰਦੇ ਐਲਜੀ ਵਿਚਾਲੇ ਟਕਰਾਅ ਸੁਰਖ਼ੀਆਂ ਵਿਚ ਰਿਹਾ ਸੀ। ਇਹ ਟਕਰਾਅ ਰਾਸ਼ਟਰੀ ਰਾਜਧਾਨੀ ਦੀ ਚੁਣੀ ਹੋਈ ਸਰਕਾਰ ਤੇ ਉਪ ਰਾਜਪਾਲ ਦਰਮਿਆਨ ਸ਼ਕਤੀਆਂ ਦੀ ਵੰਡ ’ਤੇ ਕੇਂਦਰਤ ਸੀ। ਬੈਜਲ 1969 ਬੈਚ ਦੇ ਅਰੁਣਾਚਲ ਪ੍ਰਦੇਸ਼-ਗੋਆ-ਮਿਜ਼ੋਰਮ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕਾਡਰ ਦੇ ਆਈਏਐੱਸ ਅਧਿਕਾਰੀ ਹਨ। ਉਹ ਦਿੱਲੀ ਵਿਕਾਸ ਅਥਾਰਟੀ (ਡੀਡੀਏ) ਦੇ ਉਪ-ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਬੈਜਲ ਦਾ ਅਸਤੀਫ਼ਾ ਉਸ ਵੇਲੇ ਆਇਆ ਹੈ ਜਦ ਦਿੱਲੀ ਦੀਆਂ ਤਿੰਨ ਨਗਰ ਨਿਗਮਾਂ ਦੀ ਮਿਆਦ ਖ਼ਤਮ ਹੋ ਰਹੀ ਹੈ। ਕੇਂਦਰ ਨੇ ਨਿਗਮਾਂ ਨੂੰ ਇਕ ਕਰਨ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਦਿੱਲੀ ਵਿਚ ਤਿੰਨ ਵਿਸ਼ੇ- ਜ਼ਮੀਨ, ਸੇਵਾਵਾਂ ਅਤੇ ਕਾਨੂੰਨ-ਵਿਵਸਥਾ ਸਿੱਧੇ ਤੌਰ ’ਤੇ ਉਪ ਰਾਜਪਾਲ ਦੇ ਅਧੀਨ ਆਉਂਦੇ ਹਨ। ਸੇਵਾਵਾਂ ਉਤੇ ਕੰਟਰੋਲ ਦਾ ਮਾਮਲਾ ਅਜੇ ਸੁਪਰੀਮ ਕੋਰਟ ਵਿਚ ਬਕਾਇਆ ਹੈ। ਐਲਜੀ ਤੇ ‘ਆਪ’ ਸਰਕਾਰ ਵਿਚਾਲੇ ਟਕਰਾਅ ਉਦੋਂ ਘਟਿਆ ਸੀ ਜਦ ਸੁਪਰੀਮ ਕੋਰਟ ਨੇ 2018 ਵਿਚ ਫ਼ੈਸਲਾ ਸੁਣਾਉਂਦਿਆਂ ਕਿਹਾ ਸੀ ਕਿ ਦਿੱਲੀ ਦਾ ਉਪ ਰਾਜਪਾਲ ਦਿੱਲੀ ਸਰਕਾਰ ਨੂੰ ‘ਸਲਾਹ ਦੇਣ ਤੇ ਉਸ ਦੀ ਮਦਦ ਕਰਨ’ ਨਾਲ ਹੀ ਬੱਝਾ ਹੋਇਆ ਹੈ। ਪਿਛਲੇ ਸਾਲ ਵਕੀਲਾਂ ਦੇ ਪੈਨਲ ਦੀ ਨਿਯੁਕਤੀ ’ਤੇ ਵੀ ਐਲਜੀ ਤੇ ‘ਆਪ’ ਸਰਕਾਰ ਵਿਚ ਤਲਖ਼ੀ ਸਾਹਮਣੇ ਆਈ ਸੀ।