ਨਵੀਂ ਦਿੱਲੀ, 23 ਅਗਸਤ
ਦੇਸ਼ ਵਿਚ 412 ਬੁਨਿਆਦੀ ਢਾਂਚਾ ਪ੍ਰਾਜੈਕਟਾਂ ਵਿੱਚ ਦੇਰੀ ਕਾਰਨ ਇਨ੍ਹਾਂ ਦੀ ਲਾਗਤ ਵਿੱਚ 4.11 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਇਹ 150 ਕਰੋੜ ਰੁਪਏ ਜਾਂ ਇਸ ਤੋਂ ਵੀ ਵੱਧ ਵਾਲੇ ਪ੍ਰਾਜੈਕਟ ਹਨ। ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਮੰਤਰਾਲੇ ਨੇ ਰਿਪੋਰਟ ਵਿੱਚ ਹੈ ਕਿ ਕੁੱਲ 1,683 ਪ੍ਰਾਜੈਕਟਾਂ ਵਿਚੋਂ 412 ਦੀ ਲਾਗਤ ਵਿੱਚ ਵਾਧਾ ਹੋਇਆ ਹੈ। ਮੰਤਰਾਲੇ ਦੀ ਜੂਨ 2020 ਦੀ ਰਿਪੋਰਟ ਅਨੁਸਾਰ ਕੁੱਲ 1,683 ਪ੍ਰਾਜੈਕਟਾਂ ਦੀ ਕੁਲ ਲਾਗਤ 20,65,336.20 ਕਰੋੜ ਰੁਪਏ ਸੀ ਜੋ ਵਧ ਕੇ 24,77,167.67 ਕਰੋੜ ਰੁਪਏ ਹੋ ਗਈ ਹੈ। ਇਹ ਸੰਕੇਤ ਦਿੰਦਾ ਹੈ ਕਿ ਲਾਗਤ 4,11,831.47 ਕਰੋੜ ਰੁਪਏ ਭਾਵ 19.94 ਪ੍ਰਤੀਸ਼ਤ ਵਧੀ ਹੈ। ਇਨ੍ਹਾਂ ਪ੍ਰਾਜੈਕਟਾਂ ‘ਤੇ ਕੁੱਲ ਖਰਚਾ ਜੂਨ 2020 ਤੱਕ 11,21,435.29 ਕਰੋੜ ਰੁਪਏ ਸੀ ਜੋ ਕਿ ਅਨੁਮਾਨਤ ਲਾਗਤ ਦਾ 45.27 ਪ੍ਰਤੀਸ਼ਤ ਹੈ। ਰਿਪੋਰਟ ਵਿਚ 979 ਪ੍ਰਾਜੈਕਟਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਇਹ ਕਦੋਂ ਸ਼ੁਰੂ ਹੋਣੇ ਸਨ ਤੇ ਇਨ੍ਹਾਂ ਨੇ ਕਦੋਂ ਮੁਕੰਮਲ ਹੋਣਾ ਸੀ। ਇਸ ਅਨੁਸਾਰ 471 ਪ੍ਰਾਜੈਕਟਾਂ ਵਿਚ ਦੇਰੀ ਹੋਈ, 127 ਵਿਚ ਇਕ ਤੋਂ 12 ਮਹੀਨੇ, 112 ਵਿਚ 13 ਮਹੀਨਿਆਂ ਤੋਂ 24 ਮਹੀਨੇ, 127 ਪ੍ਰਾਜੈਕਟਾਂ ਵਿਚ 25 ਤੋਂ 60 ਮਹੀਨੇ ਅਤੇ 105 ਪ੍ਰਾਜੈਕਟਾਂ ਵਿਚ 61 ਮਹੀਨੇ ਜਾਂ ਇਸ ਤੋਂ ਵੱਧ ਦੀ ਦੇਰੀ ਹੋਈ ਹੈ। ਪ੍ਰਾਜੈਕਟਾਂ ਵਿਚ ਔਸਤਨ ਦੇਰੀ 43.34 ਮਹੀਨੇ ਹੈ।