ਮਾਸਕੋ, 3 ਸਤੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਆਪਣੇ ਰੂਸੀ ਹਮਰੁਤਬਾ ਜਨਰਲ ਸਰਗੇਈ ਸ਼ੋਇਗੂ ਨਾਲ ਹੋਈ ਗੱਲਬਾਤ ‘ਬਿਹਤਰੀਨ’ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕਈ ਮੁੱਦਿਆਂ, ਖਾਸਤੌਰ ’ਤੇ ਰੱਖਿਆ ਅਤੇ ਰਣਨੀਤਕ ਸਹਿਯੋਗ ਵਧਾਉਣ ਬਾਰੇ ਗੱਲਬਾਤ ਹੋਈ। ਰੱਖਿਆ ਮੰਤਰੀ ਬੁੱਧਵਾਰ ਨੂੰ ਸ਼ੰਘਾਈ ਸਹਿਯੋਗ ਸੰਗਠਨ(ਐਸਸੀਓ) ਦੀ ਮੀਟਿੰਗ ’ਚ ਸ਼ਾਮਲ ਹੋਣ ਲਈ ਤਿੰਨ ਦਿਨਾਂ ਦੌਰੇ ’ਤੇ ਰੁੂਸ ਪੁੱਜੇ ਸਨ। ਟਵਿਟਰ ’ਤੇ ਉਨ੍ਹਾਂ ਸ਼ੋਇਗੂ ਨਾਲ ਹੋਈ ਮੀਟਿੰਗ ਨੂੰ ‘ਬਿਹਤਰੀਨ’ ਦੱਸਿਆ। ਇਸ ਤੋਂ ਪਹਿਲਾਂ ਅੱਜ ਭਾਰਤ ਅਤੇ ਰੂਸ ਨੇ ਆਧੁਨਿਕ ਏਕੇ 203 ਰਾਈਫਲ ਭਾਰਤ ਵਿੱਚ ਬਣਾਉਣ ਦੇ ਇਕ ਵੱਡੇ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ। ਏਕੇ 203 ਰਾਈਫਲ, ਏਕੇ 47 ਰਾਈਫਲ ਦਾ ਆਧੁਨਿਕ ਰੁੂਪ ਹੈ। ਇਹ ‘ਇੰਡੀਆ ਸਮਾਲ ਆਰਮਜ਼ ਸਿਸਟਮ(ਇਨਸਾਸ) 5.56 x 45 ਐਮਐਮ ਰਾਈਫਲ ਦੀ ਥਾਂ ਲਏਗੀ। ਰੂਸ ਦੀ ਸਰਕਾਰੀ ਖ਼ਬਰ ਏਜੰਸੀ ਸਪੁਤਨਿਕ ਅਨੁਸਾਰ ਭਾਰਤੀ ਥਨ ਸੈਨਾ ਨੂੰ ਲਗਪਗ 7,70,000 ਏਕੇ 203 ਰਾਈਫਲਾਂ ਦੀ ਲੋੜ ਹੈ, ਜਿਨ੍ਹਾਂ ਵਿਚੋਂ ਇਕ ਲੱਖ ਬਰਾਮਦ ਕੀਤੀਆਂ ਜਾਣਗੀਆਂ ਅਤੇ ਬਾਕੀ ਭਾਰਤ ਵਿੱਚ ਬਣਾਈਆਂ ਜਾਣਗੀਆਂ। ਏਜੰਸੀ ਅਨੁਸਾਰ ਇਨ੍ਹਾਂ ਰਾਈਫਲਾਂ ਨੂੰ ਭਾਰਤ ਵਿੱਚ ਭਾਰਤ-ਰੂਸ ਰਾਈਫਲ ਪ੍ਰਾਈਵੇਟ ਲਿਮਟਿਡ ਵੱਲੋਂ ਬਣਾਇਆ ਜਾਵੇਗਾ। -ਏਜੰਸੀ