ਬਾਰਪੇਟਾ(ਅਸਾਮ): ਸਥਾਨਕ ਕੋਰਟ ਨੇ ਮਹਿਲਾ ਪੁਲੀਸ ਅਧਿਕਾਰੀ ’ਤੇ ਕਥਿਤ ਹਮਲੇ ਨਾਲ ਸਬੰਧਤ ਕੇਸ ਵਿੱਚ ਗੁਜਰਾਤ ਦੇ ਆਜ਼ਾਦ ਵਿਧਾਇਕ ਜਿਗਨੇਸ਼ ਮੇਵਾਨੀ ਦੀ ਜ਼ਮਾਨਤ ਅਰਜ਼ੀ ’ਤੇ ਫੈਸਲਾ ਸ਼ੁੱਕਰਵਾਰ ਤੱਕ ਰਾਖਵਾਂ ਰੱਖ ਲਿਆ ਹੈ। ਮੇਵਾਨੀ ਦੇ ਵਕੀਲ ਅੰਸ਼ੂਮਨ ਬੋਰਾ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਕੋਰਟ ਨੇ ਅੱਜ ਕੇਸ ਵਿੱਚ ਸੁਣਵਾਈ ਦਾ ਅਮਲ ਮੁਕੰਮਲ ਕਰ ਲਿਆ ਹੈ। ਬੋਰਾ ਨੇ ਕਿਹਾ ਕਿ ਇਸਤਗਾਸਾ ਧਿਰ ਨੇ ਸੁਣਵਾਈ ਨੂੰ ਅੱਗੇ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਕੋਰਟ ਨੇ ਨਾਂਹ ਕਰ ਦਿੱਤੀ ਤੇ ਆਪਣੀਆਂ ਦਲੀਲਾਂ ਅੱਜ (ਵੀਰਵਾਰ ਨੂੰ) ਹੀ ਦਾਖ਼ਲ ਕਰਨ ਦੀ ਹਦਾਇਤ ਕੀਤੀ। ਇਸ ਦੌਰਾਨ ਮੇਵਾਨੀ ਦੀ ਹਮਾਇਤ ਵਿੱਚ ਨਿੱਤਰੀ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਸਾਮ ਫੇਰੀ ਦੇ ਮੱਦੇਨਜ਼ਰ ਅੱਜ ਰਾਜ ਦੇ ਵੱਖ ਵੱਖ ਹਿੱਸਿਆਂ ਵਿੱਚ ਮੁਜ਼ਾਹਰੇ ਕੀਤੇ। ਮੇਵਾਨੀ ਨੂੰ ਮਹਿਲਾ ਪੁਲੀਸ ਅਧਿਕਾਰੀ ’ਤੇ ਕਥਿਤ ਹਮਲੇ ਦੇ ਦੋਸ਼ ਵਿੱਚ ਮੰਗਲਵਾਰ ਨੂੰ ਪੰਜ ਦਿਨਾ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਗਿਆ ਸੀ। ਗੁਜਰਾਤ ਨਾਲ ਸਬੰਧਤ ਵਿਧਾਇਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਕੀਤੇ ਟਵੀਟ ਲਈ 19 ਅਪਰੈਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ ਇਸ ਮਾਮਲੇ ’ਚ ਵਿਧਾਇਕ ਨੂੰ ਜ਼ਮਾਨਤ ਮਿਲ ਚੁੱਕੀ ਹੈ। -ਪੀਟੀਆਈ