ਰਾਂਚੀ (ਝਾਰਖੰਡ), 29 ਜਨਵਰੀ
ਚਾਰਾ ਘੁਟਾਲੇ ਨਾਲ ਸਬੰਧਤ ਚਾਰ ਮਾਮਲਿਆਂ ਵਿੱਚ 14 ਸਾਲਾਂ ਦੀ ਸਾਲ ਭੁਗਤ ਰਹੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵਧ ਸਕਦੀਆਂ।
ਰਾਂਚੀ ਦੇ ਡੋਰਾਂਡਾ ਖਜ਼ਾਨਾ ਵਿੱਚੋਂ 139.35 ਕਰੋੜ ਰੁਪਏ ਦੇ ਗਬਨ ਸਬੰਧੀ ਪੰਜਵੇਂ ਅਤੇ ਆਖਰੀ ਮਾਮਲੇ ਵਿੱਚ ਲਾਲੂ ਪ੍ਰਸਾਦ ਯਾਦਵ ਸਣੇ 99 ਮੁਲਜ਼ਮਾਂ ਖ਼ਿਲਾਫ਼ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਸ਼ਨਿਚਰਵਾਰ ਨੂੰ ਬਹਿਸ ਪੂਰੀ ਹੋ ਗਈ ਹੈ। ਸੀਬੀਆਈ ਦੇ ਜੱਜ ਐੱਸ.ਕੇ. ਸ਼ਸ਼ੀ ਨੇ ਇਸ ਮਾਮਲੇ ’ਚ ਫੈਸਲਾ ਸੁਣਾਉਣ ਲਈ ਤਾਰੀਕ 15 ਫਰਵਰੀ ਤੈਅ ਕੀਤੀ ਹੈ। ਕੇਂਦਰੀ ਜਾਂਚ ਬਿਊਰੋ ਦੇ ਵਿਸ਼ੇਸ਼ ਪਬਲਿਕ ਪ੍ਰੌਸੀਕਿਊਟਰ ਬੀਐਮਪੀ ਸਿੰਘ ਨੇ ਦੱਸਿਅ ਕਿ ਫ਼ੈਸਲੇ ਦੇ ਦਿਨ ਸਾਰੇ ਮੁਲਜ਼ਮਾਂ ਨੂੰ ਨਿੱਜੀ ਤੌਰ ’ਤੇ ਅਦਾਲਤ ਵਿੱਚ ਹਾਜ਼ਰ ਰਹਿਣ ਦੇ ਹੁਕਮ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਚਾਰਾ ਘੁਟਾਲੇ ਸਬੰਧੀ ਪਹਿਲਾਂ ਚਾਰ ਮਾਮਲਿਆਂ ਵਿੱਚ ਲਾਲੂ ਪ੍ਰਸਾਦ ਯਾਦਵ ਨੂੰ ਸਜ਼ਾ ਮਿਲ ਚੁੱਕੀ ਹੈ ਅਤੇ ਉਹ ਇਸ ਸਮੇਂ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਹਨ। -ਪੀਟੀਆਈ