ਮੁੰਬਈ, 21 ਮਾਰਚ
ਕਰੋਨਾ ਮਹਾਮਾਰੀ ਦੇ ਇਕ ਸਾਲ ਦੇ ਦੌਰਾਨ ਭਾਰਤੀ ਪਰਿਵਾਰਾਂ ਉੱਤੇ ਕਰਜ਼ੇ ਦਾ ਭਾਰ ਵਧਿਆ ਹੈ। ਰਿਜ਼ਰਵ ਬੈਂਕ ਆਫ ਇੰਡੀਆ ਦੇ ਤਾਜ਼ਾ ਅੰਕੜਿਆਂ ਅਨੁਸਾਰ ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ ‘ਚ ਪਰਿਵਾਰਾਂ ’ਤੇ ਕਰਜ਼ਾ ਕੁੱਲ ਘਰੇਲੂ ਉਤਪਾਦ (ਜੀਡੀਪੀ) ਦਾ 37.1 ਪ੍ਰਤੀਸ਼ਤ ਹੋ ਗਿਆ ਹੈ। ਇਸ ਦੇ ਉਲਟ ਪਰਿਵਾਰਾਂ ਦੀ ਬੱਚਤ ਘੱਟ ਕੇ 10.4 ਫ਼ੀਸਦ ਦੇ ਹੇਠਲੇ ਪੱਧਰ ’ਤੇ ਆ ਗਈ ਹੈ। ਮਹਾਮਾਰੀ ਕਾਰਨ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ, ਜਦ ਕਿ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਹੋਈ।ਇਸ ਕਾਰਨ ਲੋਕਾਂ ਨੂੰ ਵੱਧ ਕਰਜ਼ਾ ਲੈਣਾ ਪਿਆ ਜਾਂ ਫਿਰ ਆਪਣੀ ਬੱਚਤ ਨਾਲ ਖਰਚਿਆਂ ਨੂੰ ਪੂਰਾ ਕਰਨਾ ਪੈ ਰਿਹਾ ਹੈ।