ਨਵੀਂ ਦਿੱਲੀ, 11 ਸਤੰਬਰ
ਐਡੀਟਰਜ਼ ਗਿਲਡ ਆਫ ਇੰਡੀਆ (ਈਜੀਆਈ) ਨੇ ਦੋ ਨਿੳਜ਼ ਵੈੱਬਸਾਈਟਾਂ ਦੇ ਦਫਤਰਾਂ ’ਚ ਆਮਦਨ ਕਰ (ਆਈਟੀ) ਵਿਭਾਗ ਵੱਲੋਂ ਸਰਵੇਖਣ ਕਰਨ ’ਤੇ ਚਿੰਤਾ ਪ੍ਰਗਟਾਉਂਦਿਆਂ ਇਸ ਦੀ ਸਖ਼ਤ ਆਲੋਚਨਾ ਕੀਤੀ ਹੈ। ਈਜੀਆਈ ਨੇ ਕਿਹਾ ਕਿ ਸਰਕਾਰੀ ਏਜੰਸੀਆਂ ਵੱਲੋਂ ਸੁਤੰਤਰ ਮੀਡੀਆ ਨੂੰ ‘ਪ੍ਰੇਸ਼ਾਨ ਕਰਨ ਅਤੇ ਡਰਾਉਣ ਦਾ ਖ਼ਤਰਨਾਕ ਰੁਝਾਨ’ ਰੋਕਿਆ ਜਾਣਾ ਚਾਹੀਦਾ ਹੈ, ਕਿਉਂਕਿ ਇਹ ਸੰਵਿਧਾਨਕ ਲੋਕਤੰਤਰ ਨੂੰ ਖੋਖਲਾ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਆਮਦਨ ਕਰ ਵਿਭਾਗ ਦੀ ਟੀਮ ਵੱਲੋਂ ਸ਼ੁੱਕਰਵਾਰ ਆਨਲਾਈਨ ਨਿਊਜ਼ ਪੋਰਟਲ ‘ਨਿਊਜ਼ਲਾਂਡਰੀ’ ਅਤੇ ‘ਨਿਊਜ਼ਕਲਿੱਕ’ ਦੇ ਦਫ਼ਤਰਾਂ ਵਿੱਚ ‘ਸਰਵੇ ਅਪਰੇਸ਼ਨ’ ਕੀਤਾ ਗਿਆ ਹੈ। ਐਡੀਟਰਜ਼ ਗਿਲਡ ਨੇ ਕਿਹਾ ਕਿ ਦੋ ਨਿਊਜ਼ ਵੈੱਬਸਾਈਟਾਂ ਦੇ ਦਫ਼ਤਰਾਂ ਵਿੱਚ ਆਈਟੀ ‘ਸਰਵੇਖਣ’ ਕਰਨੇ ਬਹੁਤ ਜ਼ਿਆਦਾ ਚਿੰਤਾਜਨਕ ਹਨ। ਇੱਕ ਅਧਿਕਾਰਤ ਬਿਆਨ ’ਚ ਕਿਹਾ ਗਿਆ, ‘ਗਿਲਡ, ਪੱਤਰਕਾਰਾਂਂ ਦਾ ਡਾਟਾ ਦੀ ਜ਼ਬਤੀ ਤੋਂ ਬੇਹੱਦ ਚਿੰਤਤ ਹੈ। ਇਸ ਵਿੱਚ ਸੰਵੇਦਨਸ਼ੀਲ ਜਾਣਕਾਰੀ ਜਿਵੇਂ ਸੂਤਰਾਂ ਜਾਂ ਸਰੋਤਾਂ ਦਾ ਵੇਰਵਾ, ਸਟੋਰੀਆਂ ਤੇ ਪੱਤਰਕਾਰਾਂ ਦਾ ਹੋਰ ਡਾਟਾ ਸ਼ਾਮਲ ਹੋ ਸਕਦਾ ਹੈ। ਡਾਟਾ ਜ਼ਬਤ ਕਰਨਾ ਪ੍ਰਗਟਾਵੇ ਦੀ ਆਜ਼ਾਦੀ ਦੇ ਨਿਯਮਾਂ ਦੀ ਉਲੰਘਣਾ ਹੈ।’ ਐਡੀਟਰਜ਼ ਗਿਲਡ ਨੇ ਮੰਗ ਕੀਤੀ ਕਿ ਸਾਰੀਆਂ ਅਜਿਹੀਆਂ ਜਾਂਚਾਂ ਦੌਰਾਨ ਬਹੁਤ ਜ਼ਿਆਦਾ ਸਾਵਧਾਨੀ ਅਤੇ ਸੰਵੇਦਨਸ਼ੀਲਤਾ ਦਿਖਾਈ ਜਾਵੇ ਤਾਂ ਕਿ ਪੱਤਰਕਾਰਾਂ ਅਤੇ ਮੀਡੀਆ ਅਦਾਰਿਆਂ ਦੇ ਅਧਿਕਾਰਾਂ ਨੂੰ ਖੋਖਲਾ ਨਾ ਕੀਤਾ ਜਾ ਸਕੇ। -ਪੀਟੀਆਈ