ਮੁੰਬਈ, 4 ਸਤੰਬਰ
ਮੁੱਖ ਅੰਸ਼
- ਮੁੰਬਈ ਦੇ ਪਾਲਘਰ ਨੇੇੜੇ ਹੋਇਆ ਹਾਦਸਾ
- ਡਰਾਈਵਰ ਮਹਿਲਾ ਤੇ ਉਸ ਦਾ ਪਤੀ ਜ਼ਖ਼ਮੀ
- ਪ੍ਰਧਾਨ ਮੰਤਰੀ ਮੋਦੀ, ਰਾਹੁਲ ਗਾਂਧੀ, ਏਕਨਾਥ ਸ਼ਿੰਦੇ ਤੇ ਹੋਰਨਾਂ ਵੱਲੋਂ ਦੁੱਖ ਦਾ ਇਜ਼ਹਾਰ
ਟਾਟਰ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਅੱਜ ਮੁੰਬਈ ਨਾਲ ਲੱਗਦੇ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿੱਚ ਡਿਵਾਈਡਰ ਨਾਲ ਕਾਰ ਟਕਰਾਉਣ ਕਰਕੇ ਵਾਪਰੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮਿਸਤਰੀ (54) ਤੇ ਮਰਸਿਡੀਜ਼ ਕਾਰ ਵਿੱਚ ਸਵਾਰ ਇਕ ਹੋਰ ਵਿਅਕਤੀ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਜਦੋਂਕਿ ਡਰਾਈਵਰ ਅਨਾਹਿਤਾ ਪਾਂਡੋਲੇ (55) ਤੇ ਉਸ ਦਾ ਪਤੀ ਡਾਰੀਅਸ ਪਾਂਡੋਲੇ (60) ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਗੁਜਰਾਤ ਦੇ ਵਾਪੀ ਵਿੱਚ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟ ਮਾਰਟਮ ਲਈ ਕਾਸਾ ਗ੍ਰਾਮੀਣ ਹਸਪਤਾਲ ਭੇਜ ਦਿੱਤੀਆਂ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਸਣੇ ਹੋਰਨਾਂ ਸਿਆਸੀ ਆਗੂਆਂ ਨੇ ਸਾਇਰਸ ਮਿਸਤਰੀ ਦੀ ਮੌਤ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਆਗੂਆਂ ਨੇ ਮਿਸਤਰੀ ਦੀ ਮੌਤ ਨੂੰ ਕਾਰੋਬਾਰੀ ਜਗਤ ਲਈ ਵੱਡਾ ਘਾਟਾ ਦੱਸਿਆ ਹੈ।
ਪਾਲਘਰ ਜ਼ਿਲ੍ਹੇ ਦੇ ਐੱਸਪੀ ਬਾਲਾਸਾਹਿਬ ਪਾਟਿਲ ਨੇ ਕਿਹਾ, ‘‘ਹਾਦਸਾ ਸ਼ਾਮੀਂ ਸਵਾ ਤਿੰਨ ਵਜੇ ਦੇ ਕਰੀਬ ਵਾਪਰਿਆ। ਮਿਸਤਰੀ ਉਦੋਂ ਅਹਿਮਦਾਬਾਦ ਤੋਂ ਮੁੰਬਈ ਪਰਤ ਰਹੇ ਸਨ। ਕਾਰ ਵਿੱਚ ਕੁੱਲ ਚਾਰ ਵਿਅਕਤੀ ਸਵਾਰ ਸਨ। ਹਾਦਸਾ ਸੂਰਿਆ ਨਦੀ ’ਤੇ ਬਣੇ ਪੁਲ ਉੱਤੇ ਹੋਇਆ। ਮਿਸਤਰੀ ਤੇ ਇਕ ਹੋਰ ਵਿਅਕਤੀ ਜਹਾਂਗੀਰ ਪਾਂਡੋਲੇ ਦੀ ਮੌਕੇ ’ਤੇ ਮੌਤ ਹੋ ਗਈ। ਜ਼ਖ਼ਮੀਆਂ ਨੂੰ ਇਲਾਜ ਲਈ ਗੁਜਰਾਤ ਤਬਦੀਲ ਕਰ ਦਿੱਤਾ ਹੈ। ਪਹਿਲੀ ਨਜ਼ਰੇ ਇਹ ਹਾਦਸਾ ਹੀ ਜਾਪਦਾ ਹੈ।’’ ਕਾਸਾ ਪੁਲੀਸ ਸਟੇਸ਼ਨ ਦੇ ਅਧਿਕਾਰੀ ਨੇ ਕਿਹਾ ਕਿ ਹਾਦਸਾ ਸੂਰਿਆ ਨਦੀ ਦੇ ਪੁਲ ’ਤੇ ਚਾਰੋਟੀ ਨਾਕੇ ’ਤੇ ਹੋਇਆ, ਜਿੱਥੇ ਮਿਸਤਰੀ ਦੀ ਕਾਰ ਸੜਕ ਦੇ ਡਿਵਾਈਡਰ ਨਾਲ ਟਕਰਾਉਣ ਮਗਰੋਂ ਰੋਕ ਲਈ ਬਣੀ ਕੰਧ ਵਿੱਚ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਿਸਤਰੀ ਤੇ ਜਹਾਂਗੀਰ ਪਾਂਡੋਲੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੋਵਾਂ ਦੀਆਂ ਮ੍ਰਿਤਕ ਦੇਹਾਂ ਪੋਸਟ ਮਾਰਟਮ ਲਈ ਕਾਸਾ ਗ੍ਰਾਮੀਣ ਹਸਪਤਾਲ ਭੇਜ ਦਿੱਤੀਆਂ ਹਨ। ਜ਼ਖ਼ਮੀਆਂ ਦੀ ਪਛਾਣ ਡਰਾਈਵਰ ਅਨਾਹਿਤਾ ਪਾਂਡੋਲੇ ਤੇ ਉਸ ਦੇ ਪਤੀ ਡਾਰੀਅਸ ਪਾਂਡੋੋਲੇ ਵਜੋਂ ਦੱਸੀ ਗਈ ਹੈ। ਇਨ੍ਹਾਂ ਨੂੰ ਗੁਜਰਾਤ ਦੇ ਵਾਪੀ ਵਿੱਚ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪਾਲਘਰ ਦੇ ਪੁਲੀਸ ਅਧਿਕਾਰੀ ਸਚਿਨ ਨਾਵਾਦਕਰ ਨੇ ਕਿਹਾ ਕਿ ਸਥਾਨਕ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ
ਫੜਨਵੀਸ ਵੱਲੋਂ ਹਾਦਸੇ ਦੀ ਜਾਂਚ ਦੇ ਹੁਕਮ
ਮੁੰਬਈ: ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸੂਬਾਈ ਪੁਲੀਸ ਨੂੰ ਸੜਕ ਹਾਦਸੇ ਦੀ ਵਿਆਪਕ ਜਾਂਚ ਲਈ ਕਿਹਾ ਹੈ। ਫੜਨਵੀਸ ਨੇ ਕਿਹਾ ਕਿ ਉਹ ਸਾਇਰਸ ਮਿਸਤਰੀ ਦੀ ਸੜਕ ਹਾਦਸੇ ਵਿੱਚ ਮੌਤ ਬਾਰੇ ਸੁਣ ਕੇ ਸਦਮੇ ਵਿੱਚ ਹਨ ਤੇ ਉਨ੍ਹਾਂ ਨੂੰ ਵੱਡਾ ਦੁੱਖ ਪੁੱਜਿਆ ਹੈ। ਸੂਬੇ ਦੇ ਗ੍ਰਹਿ ਮੰਤਰੀ ਫੜਨਵੀਸ ਨੇ ਇਕ ਟਵੀਟ ਵਿੱਚ ਕਿਹਾ, ‘‘ਡੀਜੀਪੀ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਇਸ ਮਾਮਲੇ ਦੀ ਤਫ਼ਸੀਲੀ ਜਾਂਚ ਦੇ ਹੁਕਮ ਦਿੱਤੇ ਹਨ। ਮੈਂ ਸਾਇਰਸ ਦੇ ਪਰਿਵਾਰ, ਦੋਸਤਾਂ ਤੇ ਸਾਥੀਆਂ ਦੇ ਇਸ ਦੁੱਖ ਵਿੱਚ ਸ਼ਰੀਕ ਹਾਂ।’’ -ਪੀਟੀਆਈ