ਅਮਰਾਵਤੀ, 18 ਅਪਰੈਲ
ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਦੇ ਅਚਲਪੁਰ ਸ਼ਹਿਰ ਵਿਚ ਦੋ ਫ਼ਿਰਕਿਆਂ ਵਿਚਾਲੇ ਪੱਥਰਬਾਜ਼ੀ ਹੋਣ ਮਗਰੋਂ ਕਰਫ਼ਿਊ ਲਾ ਦਿੱਤਾ ਗਿਆ ਹੈ। ਇਹ ਟਕਰਾਅ ਕੁਝ ਧਾਰਮਿਕ ਝੰਡੇ ਹਟਾਉਣ ਉਤੇ ਹੋਇਆ। ਪੁਲੀਸ ਨੇ ਲੋਕਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੀ ਵਰਤੋਂ ਵੀ ਕੀਤੀ। ਏਐੱਸਪੀ ਸ਼ਸ਼ੀਕਾਂਤ ਸਾਤਵ ਨੇ ਦੱਸਿਆ ਕਿ ਦੋਵਾਂ ਧੜਿਆਂ ਦੇ 22 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਹ ਘਟਨਾ ਐਤਵਾਰ ਅੱਧੀ ਰਾਤ ਦੀ ਹੈ ਤੇ ਸਥਿਤੀ ਹੁਣ ਕਾਬੂ ਹੇਠ ਹੈ। ਫੱਟੜ ਹੋਏ ਵਿਅਕਤੀਆਂ ਦੀ ਗਿਣਤੀ ਅਜੇ ਸਪੱਸ਼ਟ ਨਹੀਂ ਹੈ। ਪੁਲੀਸ ਨੇ ਦੱਸਿਆ ਕਿ ਸ਼ਹਿਰ ਵਾਸੀ ਹਰ ਸਾਲ ਤਿਉਹਾਰਾਂ ਮੌਕੇ ਅਚਲਪੁਰ ਦੇ ਮੁੱਖ ਦਾਖਲਾ ਦੁਆਰਾਂ- ਖਿੜਕੀ ਗੇਟ ਤੇ ਦੁਲਹਾ ਗੇਟ ਉਤੇ ਵੱਖ-ਵੱਖ ਧਰਮਾਂ ਦੇ ਝੰਡੇ ਲਾ ਦਿੰਦੇ ਹਨ। ਐਤਵਾਰ ਅੱਧੀ ਰਾਤ ਨੂੰ ਕੁਝ ਸਮਾਜ-ਵਿਰੋਧੀ ਤੱਤਾਂ ਨੇ ਧਾਰਮਿਕ ਝੰਡੇ ਲਾਹ ਦਿੱਤੇ। ਇਸ ਤੋਂ ਬਾਅਦ ਟਕਰਾਅ ਦੀ ਸਥਿਤੀ ਬਣ ਗਈ ਤੇ ਮਗਰੋਂ ਦੋ ਧਿਰਾਂ ਨੇ ਇਕ-ਦੂਜੇ ਵੱਲ ਪੱਥਰ ਵੀ ਸੁੱਟੇ। ਰਿਜ਼ਰਵ ਪੁਲੀਸ ਫੋਰਸ ਦੇ ਮੌਕੇ ਉਤੇ ਪਹੁੰਚਣ ਕਾਰਨ ਸਥਿਤੀ ਹੋਰ ਵਿਗੜਨ ਤੋਂ ਬਚਾਅ ਹੋ ਗਿਆ। -ਪੀਟੀਆਈ