ਮੁੰਬਈ, 7 ਨਵੰਬਰ
ਨਾਰਕੋਟਿਕ ਕੰਟਰੋਲ ਬਿਊਰੋ(ਐਨਸੀਬੀ) ਦੀ ਦਿੱਲੀ ਤੋਂ ਆਈ ਵਿਸ਼ੇਸ਼ ਜਾਂਚ ਟੀਮ ਨੇ ਕਰੁੂਜ਼ ਡਰੱਗਜ਼ ਮਾਮਲੇ ਵਿੱਚ ਐਤਵਾਰ ਨੂੰ ਅਰਬਾਜ ਮਰਚੈਂਟ ਅਤੇ ਅਚਿਤ ਕੁਮਾਰ ਤੋਂ ਨੌਂ ਘੰਟਿਆਂ ਤੋਂ ਵਧ ਸਮੇਂ ਤਕ ਪੁੱਛ-ਪੜਤਾਲ ਕੀਤੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੀਨੀਅਰ ਅਧਿਕਾਰੀ ਸੰਜੈ ਕੁਮਾਰ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਮਰਚੈਂਟ ਅਤੇ ਅਚਿਤ ਕੁਮਾਰ ਨੂੰ ਸੰਮਨ ਭੇਜਿਆ ਸੀ। ਦੋਵੇਂ ਦੱਖਣੀ ਮੁੰਬਈ ਸਥਿਤ ਐਨਸੀਬੀ ਦਫ਼ਤਰ ਵਿੱਚ ਦੁਪਹਿਰ 12 ਵਜੇ ਦੇ ਕਰੀਬ ਪੁੱਜੇ। ਉਨ੍ਹਾਂ ਨੂੰ ਰਾਤ ਨੌਂ ਵਜੇ ਬਾਅਦ ਜਾਣ ਦਿੱਤਾ ਗਿਆ। ਇਸ ਦੇ ਨਾਲ ਹੀ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਵਿੱਚ ਅਦਾਕਾਰ ਸ਼ਾਹਰੁੱਖ ਖ਼ਾਨ ਦੇ ਬੇਟੇ ਆਰੀਅਨ ਖਾਨ ਨੇ ਵੀ ਅਧਿਕਾਰੀਆਂ ਅੱਗੇ ਪੇਸ਼ ਹੋਣਾ ਸੀ ਪਰ ਉਹ ਬੁਖਾਰ ਹੋਣ ਦਾ ਹਵਾਲਾ ਦੇ ਕੇ ਪੇਸ਼ ਨਹੀਂ ਹੋਇਆ। ਆਰੀਅਨ ਨੂੰ ਜ਼ਮਾਨਤ ਮਿਲਣ ਬਾਅਦ 30 ਅਕਤੂਬਰ ਨੂੰ ਰਿਹਾਅ ਕੀਤਾ ਗਿਆ ਸੀ। –ਏਜੰਸੀ