ਸ਼ਿਲਾਂਗ: ਇੱਥੋਂ ਦੇ ਮੌਲਾਈ ਇਲਾਕੇ ਵਿੱਚ ਕਰਫਿਊ ਦੌਰਾਨ ਸੀਆਰਪੀਐੱਫ ਜਵਾਨਾਂ ਦੇ ਵਾਹਨ ’ਤੇ ਹਮਲਾ ਕੀਤਾ ਗਿਆ। ਪੁਲੀਸ ਨੇ ਦੱਸਿਆ ਕਿ ਸੁਰੱਖਿਆ ਬਲਾਂ ਵੱਲੋਂ ਭੀੜ ਨੂੰ ਖਿੰਡਾਉਣ ਲਈ ਹਲਕੇ ਬਲ ਦੀ ਵਰਤੋਂ ਕੀਤੀ ਗਈ। ਸੂਬਾ ਸਰਕਾਰ ਨੇ ਸ਼ਿਲਾਂਗ ਵਿੱਚ ਕਰਫਿਊ ਲਾਇਆ ਹੋਇਆ ਹੈ ਅਤੇ ਚਾਰ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਕੀਤੀ ਹੋਈਆਂ ਹਨ। ਅਜਿਹਾ ਆਜ਼ਾਦੀ ਦਿਹਾੜੇ ਮੌਕੇ ਸਾਬਕਾ ਦਹਿਸ਼ਤਗਰਦ ਦੇ ਸਸਕਾਰ ਦੌਰਾਨ ਸੂਬੇ ਦੀ ਰਾਜਧਾਨੀ ਤੇ ਨੇੜਲੇ ਇਲਾਕਿਆਂ ਵਿੱਚ ਭੰਨ-ਤੋੜ ਤੇ ਅਗਜ਼ਨੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਕੀਤਾ ਗਿਆ। ਪੁਲੀਸ ਨੇ ਦੱਸਿਆ ਕਿ ਐਤਵਾਰ ਨੂੰ ਦੇਰ ਸ਼ਾਮ ਮੁੱਖ ਮੰਤਰੀ ਕੋਨਰਾਡ ਕੇ ਸੰਗਮਾ ਦੀ ਰਿਹਾਇਸ਼ ’ਤੇ ਪੈਟਰੋਲ ਬੰਬ ਸੁੱਟੇ ਗਏ ਸਨ। ਇਸ ਘਟਨਾ ਦੇ ਕੁਝ ਘੰਟਿਆਂ ਮਗਰੋਂ ਹੀ ਸੀਆਰਪੀਐੱਫ ਦੇ ਵਾਹਨ ’ਤੇ ਹਮਲਾ ਹੋਇਆ ਹੈ। ਸੀਨੀਅਰ ਪੁਲੀਸ ਅਫ਼ਸਰ ਨੇ ਦੱਸਿਆ ਕਿ ਕੁਝ ਨੌਜਵਾਨਾਂ ਵੱਲੋਂ ਮਾਅਲਈ ਇਲਾਕੇ ਵਿੱਚ ਸੜਕ ਦੇ ਵਿਚਕਾਰ ਟਾਇਰ ਫੂਕਣ ਦੀ ਸੂਚਨਾ ਮਿਲਣ ਤੋਂ ਬਾਅਦ ਸੀਆਰੀਪੀਐੱਫ ਜਵਾਨ ਮੌਕੇ ’ਤੇ ਪਹੁੰਚੇ ਸਨ। -ਪੀਟੀਆਈ