ਨਵੀਂ ਦਿੱਲੀ, 23 ਅਗਸਤ
ਭਾਰਤ ਵਿਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ 30 ਲੱਖ ਤੋਂ ਪਾਰ ਹੋ ਗਈ ਹੈ। ਕਰੀਬ 16 ਦਿਨ ਪਹਿਲਾਂ ਅੰਕੜਾ 20 ਲੱਖ ਤੋਂ ਪਾਰ ਹੋਇਆ ਸੀ। ਹੁਣ ਤੱਕ 22,80,566 ਲੋਕ ਵਾਇਰਸ ਤੋਂ ਉੱਭਰ ਵੀ ਚੁੱਕੇ ਹਨ। ਮੁਲਕ ਦੀ ਰਿਕਵਰੀ ਦਰ ਵੱਧ ਕੇ 74.90 ਫ਼ੀਸਦ ਹੋ ਗਈ ਹੈ। ਮੁਲਕ ਵਿਚ ਕੋਵਿਡ-19 ਦੇ ਕੇਸ 21 ਦਿਨਾਂ ਵਿਚ ਦਸ ਲੱਖ ਤੋਂ 20 ਲੱਖ ਹੋਏ ਸਨ ਜਦਕਿ ਇਸ ਤੋਂ ਪਹਿਲਾਂ 59 ਦਿਨਾਂ ਵਿਚ 10 ਲੱਖ ਕੇਸ ਸਾਹਮਣੇ ਆਏ ਸਨ। ਲੰਘੇ ਚੌਵੀ ਘੰਟਿਆਂ ਵਿਚ 69,239 ਨਵੇਂ ਲਾਗ਼ ਦੇ ਮਾਮਲੇ ਸਾਹਮਣੇ ਆਏ ਹਨ। ਕੇਸਾਂ ਦੀ ਕੁੱਲ ਗਿਣਤੀ 30,44,940 ਹੈ ਜਦਕਿ ਚੌਵੀ ਘੰਟਿਆਂ ਵਿਚ 912 ਮੌਤਾਂ ਹੋਈਆਂ ਹਨ। ਹੁਣ ਤੱਕ ਦੇਸ਼ ਵਿਚ ਵਾਇਰਸ ਨਾਲ 56,706 ਮੌਤਾਂ ਹੋ ਚੁੱਕੀਆਂ ਹਨ। ਕੋਵਿਡ ਕਾਰਨ ਮੌਤ ਦਰ 1.86 ਫ਼ੀਸਦ ਹੈ। ਐਕਟਿਵ ਕੇਸਾਂ ਦੀ ਗਿਣਤੀ 7,07,668 ਹੈ ਜੋ ਕਿ ਕੁੱਲ ਕੇਸਾਂ ਦਾ 23.24 ਫ਼ੀਸਦ ਹੈ। ਆਈਸੀਐੱਮਆਰ ਮੁਤਾਬਕ ਹੁਣ ਤੱਕ 3,52,92,220 ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ। ਲੰਘੇ 24 ਘੰਟਿਆਂ ਵਿਚ ਸਭ ਤੋਂ ਵੱਧ 297 ਮੌਤਾਂ ਮਹਾਰਾਸ਼ਟਰ ਵਿਚ, 97 ਆਂਧਰਾ ਪ੍ਰਦੇਸ਼ ’ਚ, 93 ਕਰਨਾਟਕ ਵਿਚ, 80 ਤਾਮਿਲਨਾਡੂ ’ਚ, 70 ਯੂਪੀ ਵਿਚ, 48 ਪੱਛਮੀ ਬੰਗਾਲ ’ਚ, 21 ਮੱਧ ਪ੍ਰਦੇਸ਼ ਤੇ 15 ਜੰਮੂ ਕਸ਼ਮੀਰ ਵਿਚ ਹੋਈਆਂ ਹਨ। ਦਿੱਲੀ ਤੇ ਗੁਜਰਾਤ ਵਿਚ 14-14, ਹਰਿਆਣਾ ਵਿਚ 12 ਤੇ ਰਾਜਸਥਾਨ ਵਿਚ 11 ਮੌਤਾਂ ਹੋਈਆਂ ਹਨ। -ਪੀਟੀਆਈ