ਨਵੀਂ ਦਿੱਲੀ, 21 ਅਕਤੂਬਰ
ਕਾਂਗਰਸ ਨੇ ਅੱਜ ਮੰਗ ਕੀਤੀ ਹੈ ਕਿ ਕਰੋਨਾਵਾਇਰਸ ਮਹਾਮਾਰੀ ਦੌਰਾਨ ਸਰਕਾਰ ਦੇ ਮਾੜੇ ਪ੍ਰਬੰਧਨ ਕਾਰਨ ਦੇਸ਼ ਵਿਚ ਹੋਈਆਂ ਮੌਤਾਂ ਦੀ ਨਿਰਪੱਖ ਜਾਂਚ ਲਈ ਇਕ ਕਮਿਸ਼ਨ ਬਣਾਇਆ ਜਾਵੇ।
ਕਾਂਗਰਸ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ ਦੇਸ਼ ਦੀ ਸਮੁੱਚੀ ਬਾਲਗ ਆਬਾਦੀ ਦਾ ਟੀਕਾਕਰਨ ਕਦੋਂ ਹੋਵੇਗਾ, ਕਿਉਂਕਿ ਅਜੇ ਤੱਕ ਉਨ੍ਹਾਂ ਵਿੱਚੋਂ ਸਿਰਫ਼ 21 ਫ਼ੀਸਦ ਆਬਾਦੀ ਨੂੰ ਹੀ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗੀਆਂ ਹਨ। ਅੱਜ ਜਦੋਂ ਦੇਸ਼ ਨੇ ਕਰੋਨਾ ਵਿਰੋਧੀ ਵੈਕਸੀਨ ਦੇ 100 ਕਰੋੜ ਡੋਜ਼ ਲਗਾਉਣ ਦਾ ਟੀਚਾ ਪੂਰਾ ਕਰ ਲਿਆ ਹੈ ਤਾਂ ਇਸ ਮੌਕੇ ਕਾਂਗਰਸੀ ਆਗੂ ਨੇ ਕਿਹਾ ਕਿ ਦੇਸ਼ ਦੀ 103 ਕਰੋੜ ਦੀ ਬਾਲਗ ਆਬਾਦੀ ਵਿੱਚੋਂ 32 ਕਰੋੜ ਲੋਕਾਂ ਨੂੰ ਅਜੇ ਤੱਕ ਵੈਕਸੀਨ ਦੀ ਪਹਿਲੀ ਡੋਜ਼ ਵੀ ਨਹੀਂ ਲੱਗੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਸੁਰਜੇਵਾਲਾ ਨੇ ਕਿਹਾ, ‘‘ਅਸੀਂ ਮੰਗ ਕਰਦੇ ਹਾਂ ਕਿ ਭਾਜਪਾ ਸਰਕਾਰ ਕਰੋਨਾ ਦੌਰਾਨ ਹੋਣ ਵਾਲੀਆਂ ਮੌਤਾਂ ਦੀ ਜਾਂਚ ਲਈ ਇਕ ਆਜ਼ਾਦ ਕਰੋਨਾ ਕਮਿਸ਼ਨ ਗਠਿਤ ਕਰੇ ਅਤੇ ਮਹਾਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਈ ਇਕ ਤਾਜ਼ਾ ਸਰਵੇਖਣ ਕਰਵਾਇਆ ਜਾਵੇ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਇਸ ਕਮਿਸ਼ਨ ਵਿਚ ਮਾਹਿਰ, ਜੱਜ ਅਤੇ ਕਰੋਨਾ ਯੋਧਾ ਸ਼ਾਮਲ ਹੋਣ।’’ -ਪੀਟੀਆਈ