ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਕੁਝ ਸੋਸ਼ਲ ਮੀਡੀਆ ਰਿਪੋਰਟਾਂ ਨੇ ਕੋਵੈਕਸੀਨ ਬਾਰੇ ਤੱਥਾਂ ਨੂੰ ‘ਤੋੜ ਮਰੋੜ ਕੇ ਅਤੇ ਗਲਤ ਢੰਗ’ ਨਾਲ ਪੇਸ਼ ਕੀਤਾ ਹੈ ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਦੇਸ਼ ’ਚ ਵਿਕਸਤ ਕਰੋਨਾ ਤੋਂ ਬਚਾਅ ਦੇ ਟੀਕੇ ਕੋਵੈਕਸੀਨ ਨੂੰ ਤਿਆਰ ਕਰਨ ’ਚ ਨਵਜੰਮੇ ਵੱਛੇ ਦੇ ਖੂਨ (ਸੀਰਮ) ਦੀ ਵਰਤੋਂ ਕੀਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਨਵਜੰਮੇ ਵੱਛੇ ਦੇ ਖੂਨ ਦੀ ਵਰਤੋਂ ਸਿਰਫ਼ ਵੇਰੋ ਸੈੱਲਜ਼ ਤਿਆਰ ਕਰਨ ਅਤੇ ਉਸ ਦੇ ਵਿਕਾਸ ਲਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵੱਛਿਆਂ ਅਤੇ ਹੋਰ ਜਾਨਵਰਾਂ ਦੇ ਸੀਰਮ ਦੀ ਵੇਰੋ ਸੈੱਲ ਦੇ ਵਿਕਾਸ ਲਈ ਆਲਮੀ ਤੌਰ ’ਤੇ ਵਰਤਿਆ ਜਾਂਦਾ ਹੈ। ਵੇਰੋ ਸੈੱਲਜ਼ ਦੀ ਵਰਤੋਂ ਅਜਿਹੇ ਸੈੱਲ ਬਣਾਉਣ ’ਚ ਕੀਤੀ ਜਾਂਦੀ ਹੈ ਜੋ ਟੀਕੇ ਦੇ ਉਤਪਾਦਨ ’ਚ ਸਹਾਇਕ ਹੁੰਦੀ ਹੈ। ਪੋਲੀਓ, ਰੇਬੀਜ਼ ਅਤੇ ਇਨਫਲੂਐਂਜ਼ਾ ਦੇ ਟੀਕੇ ਬਣਾਉਣ ਲਈ ਇਸ ਤਕਨੀਕ ਦੀ ਦਹਾਕਿਆਂ ਤੋਂ ਵਰਤੋਂ ਹੁੰਦੀ ਆ ਰਹੀ ਹੈ। ਮੰਤਰਾਲੇ ਨੇ ਕਿਹਾ ਕਿ ਵੇਰੋ ਸੈੱਲਜ਼ ਦੇ ਵਿਕਸਤ ਹੋਣ ਮਗਰੋਂ ਉਨ੍ਹਾਂ ਨੂੰ ਪਾਣੀ ਅਤੇ ਰਸਾਇਣਾਂ ਨਾਲ ਚੰਗੀ ਤਰ੍ਹਾਂ ਨਾਲ ਕਈ ਵਾਰ ਸਾਫ਼ ਕੀਤਾ ਜਾਂਦਾ ਹੈ ਤਾਂ ਜੋ ਇਹ ਨਵਜੰਮੇ ਵੱਛੇ ਦੇ ਸੀਰਮ ਤੋਂ ਮੁਕਤ ਹੋ ਜਾਵੇ। ਇਸ ਤੋਂ ਬਾਅਦ ਵੇਰੋ ਸੈਲੱਜ਼ ਨੂੰ ਕਰੋਨਾਵਾਇਰਸ ਦੀ ਲਾਗ ਲਗਾਈ ਜਾਂਦੀ ਹੈ ਤਾਂ ਜੋ ਵਾਇਰਸ ਵਿਕਸਤ ਹੋ ਸਕੇ। ਇਸ ਪ੍ਰਕਿਰਿਆ ’ਚ ਵੇਰੋ ਸੈੱਲਜ਼ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਜਾਂਦੇ ਹਨ। ਵਿਕਸਤ ਵਾਇਰਸ ਨੂੰ ਵੀ ਨਸ਼ਟ ਅਤੇ ਸਾਫ਼ ਕੀਤਾ ਜਾਂਦਾ ਹੈ। ਨਸ਼ਟ ਜਾਂ ਅਸਰਹੀਣ ਕੀਤੇ ਗਏ ਵਾਇਰਸ ਦੀ ਵਰਤੋਂ ਅਖੀਰ ’ਚ ਟੀਕਾ ਬਣਾਉਣ ਲਈ ਕੀਤੀ ਜਾਂਦੀ ਹੈ। ਬਿਆਨ ਮੁਤਾਬਕ ਅੰਤਿਮ ਰੂਪ ’ਚ ਟੀਕਾ ਬਣਾਉਣ ਲਈ ਵੱਛੇ ਦੇ ਸੀਰਮ ਦੀ ਬਿਲਕੁਲ ਵੀ ਵਰਤੋਂ ਨਹੀਂ ਕੀਤੀ ਜਾਂਦੀ ਹੈ। -ਪੀਟੀਆਈ