ਨਵੀਂ ਦਿੱਲੀ, 25 ਮਈ
ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੋਸ਼ ਲਾਇਆ ਕਿ ਕੋਵਿਡ- 19 ਦੀ ਦੂਜੀ ਲਹਿਰ ਦੌਰਾਨ ਕੇਂਦਰ ਦੀ ‘ਅਣਗਹਿਲੀ’ ਕਾਰਨ ਅਣਗਿਣਤ ਜਾਨਾਂ ਚਲੀਆਂ ਗਈਆਂ ਹਨ ਤੇ ਇਸ ਲਈ ਸਰਕਾਰ ਨੂੰ ਲਾਜ਼ਮੀ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਤਾਂ ਕਿ ਸੱਤਾਧਾਰੀ ਲੋਕ ਮੁਲਕ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ। ਇੱਕ ਫੇਸਬੁੱਕ ਪੋਸਟ ਰਾਹੀਂ ‘ਜ਼ਿੰਮੇਦਾਰ ਕੌਣ’? ਮੁਹਿੰਮ ਦਾ ਆਗਾਜ਼ ਕਰਦਿਆਂ ਕਾਂਗਰਸ ਦੀ ਜਨਰਲ ਸਕੱਤਰ ਸ੍ਰੀਮਤੀ ਗਾਂਧੀ ਨੇ ਕਿਹਾ ਕਿ ਇਸ ਪ੍ਰਕਿਰਿਆ ਦੇ ਹਿੱਸੇ ਵਜੋਂ ਉਹ ਲੋਕਾਂ ਵੱਲੋਂ ਸਰਕਾਰ ਤੋਂ ਕਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਦੇ ਢੰਗਾਂ ਬਾਰੇ ਸਵਾਲ ਪੁੱਛਣਗੇ। ਉਨ੍ਹਾਂ ਹਿੰਦੀ ਵਿੱਚ ਲਿਖੀ ਆਪਣੀ ਪੋਸਟ ’ਚ ਕਿਹਾ ਕਿ ਜਦੋਂ ਮੁਲਕ ਵਿੱਚ ਕੋਵਿਡ- 19 ਦੀ ਦੂਜੀ ਲਹਿਰ ਆਈ ਤੇ ਲੋਕ ਹਸਪਤਾਲਾਂ ’ਚ ਬੈੱਡਾਂ, ਆਕਸੀਜਨ, ਵੈਕਸੀਨ ਤੇ ਦਵਾਈਆਂ ਲਈ ਸੰਘਰਸ਼ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਉਮੀਦ ਸੀ ਕਿ ਸਰਕਾਰ ਅਗਾਊਂ ਤਿਆਰੀਆਂ ਤੇ ਮੌਜੂਦਾ ਸਰੋਤਾਂ ਦੀ ਵਰਤੋਂ ਨਾਲ ਲੋਕਾਂ ਦੀਆਂ ਜਾਨਾਂ ਬਚਾਉਣ ਦੇ ਯਤਨ ਕਰੇਗੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ‘ਮੂਕ ਦਰਸ਼ਕ’ ਬਣ ਗਈ ਜਿਸ ਕਾਰਨ ਮੁਲਕ ਵਿੱਚ ਸਥਿਤੀ ਦਰਦਨਾਕ ਹੋ ਗਈ ਤੇ ਤਿਆਰੀਆਂ ਦੇ ਨਾਂ ’ਤੇ ਸਰਕਾਰ ਕੋਲ ਸਿਰਫ਼ ‘ਅਣਗਹਿਲੀ ਦੀ ਤਸਵੀਰ’ ਸੀ। ਉਨ੍ਹਾਂ ਕਿਹਾ, ‘ਵੈਕਸੀਨਾਂ ਮੰਗਵਾਉਣ, 2020 ਤੱਕ ਆਕਸੀਜਨ ਦੀ ਦਰਾਮਦ ਦੁੱਗਣੀ ਕਰਨ ਤੇ ਦੂਜੇ ਮੁਲਕਾਂ ਨਾਲ ਤੁਲਨਾ, ਵੈਕਸੀਨਾਂ ਦਾ ਆਰਡਰ ਦੇਰੀ ਨਾਲ ਦੇਣ, ਜਿਨ੍ਹਾਂ ਦੀ ਮਾਤਰਾ ਮੁਲਕ ਦੀ ਆਬਾਦੀ ਦੇ ਅਨੁਪਾਤ ਮੁਤਾਬਕ ਨਹੀਂ ਸੀ, ਕਈ ਫਰੰਟਾਂ ’ਤੇ ਸਰਕਾਰ ਦੇ ਯਤਨ ਗੈਰ-ਜ਼ਿੰਮੇਵਾਰਾਨਾ ਰਹੇ ਹਨ। -ਪੀਟੀਆਈ